ਅੰਮ੍ਰਿਤਸਰ: ਨੈਸ਼ਨਲ ਸਟੂਡੈਂਟ ਯੂਨੀਅਨ ਆਫ਼ ਇੰਡੀਆ (ਐਨਐਸਯੂਆਈ) ਦੇ ਸੂਬਾ ਪ੍ਰਧਾਨ ਅਕਸ਼ੇ ਸ਼ਰਮਾ 'ਤੇ ਹੋਏ ਹਮਲੇ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੰਭੀਰ ਨੋਟਿਸ ਲਿਆ ਹੈ। ਮੁੱਖ ਮੰਤਰੀ ਨੇ ਅਕਸ਼ੇ ਸ਼ਰਮਾ ਨਾਲ ਫੋਨ 'ਤੇ ਗੱਲ ਕਰਕੇ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉੱਧਰ ਡੀਜੀਪੀ ਨੇ ਵੀ ਤਰਨ ਤਾਰਨ ਪੁਲਿਸ ਨੂੰ ਕਾਰਵਾਈ ਦੇ ਆਦੇਸ਼ ਦਿੱਤੇ ਹਨ। ਅਕਸ਼ੇ ਸ਼ਰਮਾ 'ਤੇ ਹਮਲੇ ਪਿੱਛੇ ਗੈਂਗਸਟਰਾਂ ਦਾ ਹੱਥ ਹੋਣ ਦੀ ਅਸ਼ੰਕਾ ਹੈ।


 

ਯਾਦ ਰਹੇ ਸੱਤ ਮਹੀਨੇ ਪਹਿਲਾਂ ਜਦੋਂ ਅਕਸ਼ੇ ਸ਼ਰਮਾ ਨੇ ਐਨਐਸਯੂਆਈ ਦੀ ਪ੍ਰਧਾਨਗੀ ਦੀ ਚੋਣ ਜਿੱਤੀ ਸੀ, ਉਸ ਤੋਂ ਬਾਅਦ ਹੀ ਅਕਸ਼ੇ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ। ਕੁਝ ਵਿਰੋਧੀ ਗਰੁੱਪ ਦੂਜੇ ਗੈਂਗਸਟਰਾਂ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕਰਦੇ ਰਹੇ ਹਨ। ਹਾਲਾਂਕਿ ਅਕਸ਼ੇ ਨੇ ਅੱਜ ਕਿਸੇ ਗੈਂਗਸਟਰ ਦਾ ਨਾਮ ਨਹੀਂ ਲਿਆ।

ਯਾਦ ਰਹੇ ਹਮਲਾਵਰਾਂ ਨੇ ਅਕਸ਼ੇ ਦੀ ਫਾਰਚੂਨਰ ਗੱਡੀ ‘ਤੇ 7 ਗੋਲ਼ੀਆਂ ਚਲਾਈਆਂ ਸੀ। ਸ਼ੁਰੂਆਤੀ ਜਾਂਚ ‘ਚ ਇਸ ਹਮਲੇ ਨੂੰ ਗੈਂਗਵਾਰ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸੰਪਤ ਨਹਿਰਾ ਨਾਮ ਦੇ ਗੈਂਗਸਟਰ, ਜੋ ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ ਹੈ, ਦੇ ਗਰੁੱਪ ਵੱਲੋਂ ਅਕਸ਼ੇ ਨੂੰ ਧਮਕੀਆਂ ਦੀਆਂ ਖਬਰਾਂ ਸੁਰੱਖੀਆਂ ਵਿੱਚ ਆਉਂਦੀਆਂ ਰਹੀਆਂ ਹਨ। ਸੰਪਤ ਨਹਿਰਾ ਖੁਦ ਸਟੂਡੈਂਟ ਲੀਡਰ ਰਿਹਾ ਹੈ। ਹਾਲ ਹੀ ਵਿੱਚ ਉਸ ਨੂੰ ਹਰਿਆਣਾ ਪੁਲਿਸ ਨੇ ਹੈਦਰਾਬਾਦ ਤੋਂ ਗ੍ਰਿਫਤਾਰ ਕੀਤਾ ਸੀ।