Farmers Protest:  ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਸਾਨੀ ਮਾਮਲਿਆਂ ਨਾਲ ਬਣ ਰਹੇ ਮਾਹੌਲ ਨੂੰ ਲੈ ਕੇ ਚਿੰਤਾ ਜਤਾਈ ਅਤੇ ਖਨੌਰੀ ਬਾਰਡਰ ’ਤੇ ਝੜਪ ਦੌਰਾਨ ਨੌਜਵਾਨ ਕਿਸਾਨ ਸ਼ੁਭਕਰਨ ਦੀ ਹੋਈ ਮੌਤ ’ਤੇ ਗਹਿਰੇ ਦੁਖ ਦਾ ਵੀ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਚੌਤਰਫੀ ਚੜ੍ਹਤ ਤੋਂ ਅਸਹਿਜ ਵਿਦੇਸ਼ੀ ਤਾਕਤਾਂ ਦੇਸ਼ ਦੇ ਮਾਹੌਲ ਨੂੰ ਅਸਥਿਰ ਕਰਨ ’ਤੇ ਉਤਾਰੂ ਹਨ, ਅਜਿਹੀ ਸਥਿਤੀ ’ਚ ਦੇਸ਼ ਦੇ ਹਿਤ ’ਚ ਦੋਵੇਂ ਹੀ ਧਿਰਾਂ ਸਰਕਾਰ ਅਤੇ ਕਿਸਾਨੀ ਧਿਰਾਂ ਨੂੰ ਸੰਜਮ ਵਰਤਣ ਦੀ ਲੋੜ ਹੈ।


ਪ੍ਰੋ. ਸਰਚਾਂਦ ਸਿੰਘ ਨੇ ਕਿਸਾਨਾਂ ਵੱਲੋਂ ਦਿਲੀ ਕੂਚ ਨੂੰ ਦੋ ਦਿਨਾਂ ਲਈ ਮੁਲਤਵੀ ਕਰਨ ਦਾ ਸਵਾਗਤ ਕੀਤਾ ਅਤੇ ਕਿਸਾਨ ਨੇਤਾਵਾਂ ਨੂੰ ਕੇਂਦਰ ਸਰਕਾਰ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਤੇ ਕਿਹਾ ਕਿ ਕਿਸਾਨੀ ਮਾਮਲਿਆਂ ਨਾਲ ਨਜਿੱਠਣ ਲਈ ਕੇਂਦਰੀ ਖ਼ੁਰਾਕ ਅਤੇ ਖਪਤਕਾਰ ਮਾਮਲੇ ਮੰਤਰੀ ਪੀਯੂਸ਼ ਗੋਇਲ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਦੇ ਅਧਾਰਿਤ ਕੇਂਦਰੀ ਵਫ਼ਦ ਚੰਡੀਗੜ੍ਹ ਵਿਖੇ ਕਿਸਾਨ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਲਗਾਤਾਰ ਯਤਨ ਕਰ ਰਹੇ ਹਨ ਪਰ ਕੁਝ ਕਿਸਾਨ ਆਗੂ ਦਿੱਲੀ ਵੱਲ ਆਪਣੇ ਮਾਰਚ 'ਤੇ ਅੜੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਸਕਾਰਾਤਮਿਕ ਰਵੱਈਏ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਕੇਂਦਰੀ ਵਫ਼ਦ ਨੇ ਹੁਣ ਰੱਦ ਕੀਤੇ ਖੇਤੀ ਕਾਨੂੰਨਾਂ ਵਿਰੁੱਧ 2020-21 ਦੇ ਅੰਦੋਲਨ ਦੌਰਾਨ ਦਾਇਰ ਕਿਸਾਨਾਂ ਵਿਰੁੱਧ ਕੇਸ ਵਾਪਸ ਲੈਣ ਲਈ ਸਹਿਮਤੀ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ 5 ਫ਼ਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਪੇਸ਼ਕਸ਼ ਕੀਤੀ ਪਰ ਕਿਸਾਨ ਉਨ੍ਹਾਂ ਸਾਰੀਆਂ ਫ਼ਸਲਾਂ 'ਤੇ ਕਾਨੂੰਨੀ ਗਰੰਟੀ ਲੈਣ 'ਤੇ ਤੁਲੇ ਹੋਏ ਹਨ ਜੋ ਦੇਸ਼ ਦੀ ਆਰਥਿਕਤਾ ਲਈ ਵਿੱਤੀ ਤੌਰ 'ਤੇ ਸੰਭਵ ਨਹੀਂ ਹਨ। ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਬਾਰੇ ਫ਼ੈਸਲੇ ਲੈਣ ਵਿੱਚ ਸਮਾਂ ਲੱਗਦਾ ਹੈ ਅਤੇ ਕੇਂਦਰ ਸਰਕਾਰ ਨੂੰ ਜਲਦਬਾਜ਼ੀ ਵਿੱਚ ਕੋਈ ਵੀ ਫ਼ੈਸਲਾ ਲੈਣ ਦੀ ਬਜਾਏ ਇਸ ਸਬੰਧ ਵਿੱਚ ਲੋੜੀਂਦੀ ਕਾਰਵਾਈ ਕਰਨ ਲਈ ਲੋੜੀਂਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ।



ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਸਥਿਤੀ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ ਅਤੇ ਮਾਹੌਲ ’ਚ ਭੜਕਾਹਟ ਪੈਦਾ ਕਰ ਰਹੇ ਆਪਣੇ ਗ਼ਲਤ ਆਗੂਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਤਾਂਕਿ ਦੇਸ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣੀ ਰਹੇ। ਇਥੇ ਹੀ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਪ੍ਰੋ.ਸਰਚਾਂਦ ਸਿੰਘ ਨੇ ਕਿਹਾ ਕਿ ਦੇਸ਼ ਦੀ ਕਿਸਾਨੀ ਖ਼ਾਸਕਰ ਪੰਜਾਬ ਦੀ ਕਿਸਾਨੀ ਜਿਸ ਮੰਦਹਾਲੀ ਸਥਿਤੀ ’ਚੋਂ ਗੁਜ਼ਰ ਰਹੀ ਹੈ, ਉਹ ਸਰਕਾਰ ਦੀ ਹਮਦਰਦੀ ਅਤੇ ਤਵੱਜੋ  ਮੰਗਦਾ ਹੈ। ਕਿਸਾਨ ਅਤੇ ਹੋਰਨਾਂ ਧਿਰਾਂ ਵੱਲੋਂ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਅਵਾਜ਼ ਬੁਲੰਦ ਕਰਨਾ ਉਨ੍ਹਾਂ ਦਾ ਜਮਹੂਰੀ ਹੱਕ ਹੈ। ਕਿਸਾਨ ਅੰਦੋਲਨ ਨੂੰ ਤਾਕਤ ਨਾਲ ਨਹੀਂ ਸਗੋਂ ਪਹਿਲਾਂ ਦੀ ਤਰਾਂ ਸਮਝਦਾਰੀ ਅਤੇ ਵੱਡੇ ਦਿਲ ਨਾਲ ਅਪਣਾਉਂਦਿਆਂ ਸ਼ਾਂਤ ਕੀਤਾ ਜਾਣਾ ਚਾਹੀਦਾ ਹੈ।  ਕਿਸਾਨ ਮਜ਼ਬੂਤ ਅਤੇ ਖ਼ੁਸ਼ਹਾਲ ਹੋਵੇਗਾ ਤਾਂ ਹੀ ਦੇਸ਼ ਮਜ਼ਬੂਤ ਅਤੇ ਖ਼ੁਸ਼ਹਾਲ ਹੋਵੇਗਾ।