Chandigarh : ਖ਼ਾਲਿਸਤਾਨ ਸਮਰਥਕ ਅਵਤਾਰ ਸਿੰਘ ਖੰਡਾ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੇ ਮਾਮਲੇ ਵਿੱਚ ਹਾਈ ਕੋਰਟ ਅੰਦਰ ਸੁਣਵਾਈ ਹੋਈ। ਇਸ ਦੌਰਾਨ ਅਵਤਾਰ ਸਿੰਘ ਖੰਡਾ ਦੀ ਭੇਣ  ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਕੁਝ ਦਸਤਾਵੇਜ਼ ਸੌਂਪਦੇ ਹੋਏ ਉਸ ਦੇ ਭਾਰਤੀ ਹੋਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ 'ਤੇ ਖੰਡਾ ਦੀ ਲਾਸ਼ ਭਾਰਤ ਲਿਆਉਣ ਦੇ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਗਈ ਹੈ। 


ਲੰਡਨ ਵਿੱਚ ਭਾਰਤੀ ਦੂਤਾਵਾਸ 'ਤੇ ਹੋਏ ਹਮਲੇ ਦੇ ਮਾਮਲੇ ਵਿੱਚ ਖਾਲਿਸਤਾਨੀ ਸਮਰਥਕ ਅਵਤਾਰ ਸਿੰਘ ਖੰਡਾ ਮੁਲਜ਼ਮ ਸੀ। ਕੁਝ ਦਿਨ ਪਹਿਲਾਂ ਉਸ ਦੀ ਭੇਦ ਭਰੇ ਹਲਾਤਾਂ ਵਿੱਚ ਮੌਤ ਹੋ ਗਈ ਸੀ। ਹਲਾਂਕਿ ਕਿਹਾ ਜਾ ਰਿਹਾ ਸੀ ਕਿ ਅਵਤਾਰ ਸਿੰਘ ਖੰਡਾ ਦੇ ਸਰੀਰ ਵਿੱਚ ਜ਼ਹਿਰ ਫੈਲ ਗਿਆ ਸੀ, ਪਰ ਪਰਿਵਾਰ ਤੇ ਉਸ ਦੇ ਕਰੀਬੀਆਂ ਨੇ ਕਤਲ ਹੋਣ ਦੇ ਖਦਸ਼ੇ ਜਤਾਏ ਸਨ। 


ਅਵਤਾਰ ਸਿੰਘ ਖੰਡਾ ਦੀ ਮਾਂ ਅਤੇ ਭੈਣ ਪੰਜਾਬ ਦੇ ਮੋਗਾ ਵਿੱਚ ਰਹਿੰਦੇ ਹਨ। ਪੁੱਤਰ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਪਹਿਲਾਂ ਖੰਡਾ ਦੀ ਮਾਂ ਅਤੇ ਭੈਣ ਇੰਗਲੈਂਡ ਜਾਣ ਦੀ ਸੋਚੀ ਸੀ, ਪਰ ਯੂਕੇ ਸਰਕਾਰ ਨੇ ਉਹਨਾ ਨੁੰ ਵੀਜ਼ਾ ਨਹੀਂ ਦਿੱਤਾ ਸੀ। ਇਸ ਤੋਂ ਪਹਿਲਾਂ ਉਹਨਾਂ ਨੇ ਅਵਤਾਰ ਖੰਡਾ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਸੀ। 


ਖੰਡਾ ਦੀ ਭੈਣ ਜਸਪ੍ਰੀਤ ਕੌਰ ਨੇ ਪਟੀਸ਼ਨ ਦਾਖ਼ਲ ਕਰਦੇ ਹੋਏ ਦੱਸਿਆ ਸੀ ਕਿ ਉਹ ਆਪਣੇ ਭਰਾ ਦੀ ਲਾਸ਼ ਨੂੰ ਸਸਕਾਰ ਲਈ ਸੂਕੇ ਤੋਂ ਜੱਦੀ ਸ਼ਹਿਰ ਮੋਗਾ ਲਿਜਾਣਾ ਚਾਹੁੰਦੀ । ਉਸ ਦੇ ਭਰਾ ਅਵਤਾਰ ਸਿੰਘ ਉਰਫ ਖੰਡਾ ਦੀ 15 ਜੂਨ ਨੂੰ ਸੈਂਡਵੈੱਲ ਤੇ ਵੈਸਟ ਬਰਮਿੰਘਮ ਹਸਪਤਾਲ 'ਚ ਮੌਤ ਹੋ ਗਈ ਸੀ ਤੇ ਉਸ ਦੀ ਲਾਸ਼ ਪੋਸਟਮਾਰਟਮ ਤੇ ਹੋਰ ਜਾਂਚ ਲਈ ਉਥੇ ਪਈ ਹੋਈ ਹੈ।


ਮ੍ਰਿਤਕ ਦੀ ਆਖ਼ਰੀ ਇੱਛਾ ਸੀ ਕਿ ਉਸ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਸ਼ਹਿਰ ਮੋਗਾ ਵਿਚ ਕੀਤਾ ਜਾਵੇ ਤੇ ਅਸਥੀਆਂ ਨੂੰ ਕੀਰਤਪੁਰ ਸਾਹਿਬ 'ਚ ਵਿਸਰਜਿਤ ਕੀਤਾ ਜਾਵੇ। ਪਟੀਸ਼ਨਕਰਤਾ ਨੇ ਇਸ ਦੇ ਲਈ ਲਾਸ਼ ਬ੍ਰਿਟੇਨ ਤੋਂ ਲਿਆਉਣ ਦੀ ਮਨਜ਼ੂਰੀ ਲਈ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਤੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਅਰਜ਼ੀ ਕੀਤੀ ਹੈ ਪਰ ਅੱਜ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। 


ਖੰਡਾ ਦੀ ਭੈਣ ਨੇ ਚੰਡੀਗੜ੍ਹ ਦੇ ਖੇਤਰੀ ਪਾਸਪੋਰਟ ਅਧਿਕਾਰੀ ਵੱਲੋਂ ਜੁਲਾਈ 2006 ਵਿਚ ਜਾਰੀ ਅਵਤਾਰ ਸਿੰਘ ਦਾ ਪਾਸਪੋਰਟ, 2005 ਵਿਚ ਪੰਜਾਬ ਬੋਰਡ ਤੋਂ ਜਾਰੀ 12ਵੀਂ ਦਾ ਸਰਟੀਫਿਕੇਟ, ਇਕ ਅਗਸਤ 2009 ਨੂੰ ਮੋਗਾ ਦੀ ਲਾਇਸੈਂਸਿੰਗ ਅਥਾਰਿਟੀ ਵੱਲੋਂ ਜਾਰੀ ਲਾਇਸੈਂਸ ਪੇਸ਼ ਕੀਤਾ ਹੈ ਜਿਸ ਦੀ 31 ਜੁਲਾਈ 2012 ਤੱਕ ਮਿਆਦ ਸੀ।ਇਨ੍ਹਾਂ ਸਾਰੇ ਦਸਤਾਵੇਜ਼ਾਂ 'ਚ ਉਸ ਦੀ ਜਨਮ ਤਰੀਕ 10 ਮਈ 1998 ਦੱਸੀ ਗਈ ਹੈ।