ਚੰਡੀਗੜ੍ਹ: ਸਿੰਘੂ ਬਾਰਡਰ ਤੋਂ ਬੁਰੀ ਖਬਰ ਆਈ ਹੈ। ਇੱਥੇ ਇੱਕ ਕਿਸਾਨ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਉੱਚੀ ਰੁੜਕੀ ਤਹਿਸੀਲ ਅਮਲੋਹ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਜੋਂ ਹੋਈ ਹੈ। ਗੁਰਪ੍ਰੀਤ ਸਿੰਘ ਤਿੰਨ ਖੇਤੀ ਕਾਨੂੰਨਾਂ ਦੇ ਰੱਦ ਨਾ ਹੋਣ ਕਾਰਨ ਪ੍ਰੇਸ਼ਾਨ ਦੱਸਿਆ ਜਾ ਰਿਹਾ ਸੀ।

ਦੱਸ ਦਈਏ ਕਿ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਧਰਨੇ ਜਾਰੀ ਹਨ। ਇਸ ਕਿਸਾਨੀ ਸੰਘਰਸ਼ ਵਿੱਚ ਹੁਣ ਤੱਕ 700 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਇਹ ਮੌਤਾਂ ਹਾਦਸਿਆਂ, ਬਿਮਾਰੀ ਜਾਂ ਫਿਰ ਖੁਦਕੁਸ਼ੀ ਕਰਨ ਕਰਕੇ ਹੋਈਆਂ ਹਨ।

ਅੱਜ ਇੱਕ ਹੋਰ ਕਿਸਾਨ ਵੱਲੋਂ ਸਿੰਘੂ ਬਾਰਡਰ 'ਤੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਉਸ ਵੱਲੋਂ ਦਰੱਖਤ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਗਿਆ।

ਹਾਸਲ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਤਿੰਨ ਖੇਤੀ ਕਾਨੂੰਨਾਂ ਦੇ ਰੱਦ ਨਾ ਹੋਣ ਕਾਰਨ ਪ੍ਰੇਸ਼ਾਨ ਦਸਿਆ ਜਾ ਰਿਹਾ ਸੀ। ਇਸ ਕਾਰਨ ਉਸ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ। ਮ੍ਰਿਤਕ ਦੇਹ ਸ਼ਾਮ ਤੱਕ ਘਰ ਪਹੁੰਚੇਗੀ।