Punjab News: ਪੰਜਾਬ ਵਿੱਚ ਅੱਜ ਮੁੜ ਜ਼ਮੀਨੀ ਇੰਤਕਾਲਾਂ ਦਾ ਨਿਬੇੜਾ ਕਰਨ ਲਈ ਵਿਸੇਸ਼ ਕੈਂਪ ਲਾਏ ਗਏ ਹਨ। ਇਹ ਕੈਂਪ ਲੰਬਿਤ ਜ਼ਮੀਨੀ ਇੰਤਕਾਲਾਂ ਦਾ ਨਿਪਟਾਰਾ ਕਰਨ ਲਈ ਲਾਏ ਗਏ ਹਨ। ਇਸ ਤੋਂ ਪਹਿਲਾਂ 6 ਜਨਵਰੀ ਨੂੰ ਸੂਬੇ ਭਰ ਵਿੱਚ ਜ਼ਮੀਨੀ ਇੰਤਕਾਲਾਂ ਦਾ ਨਿਬੇੜਾ ਕਰਨ ਲਈ ਵਿਸੇਸ਼ ਕੈਂਪ ਲਾਏ ਗਏ ਸਨ। ਇਨ੍ਹਾਂ ਕੈਂਪਾਂ ਨੂੰ ਮਿਲੇ ਹੁੰਗਾਰੇ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ 15 ਜਨਵਰੀ ਮੁੜ ਕੈਂਪ ਲਾਉਣ ਦਾ ਐਲਾਨ ਕੀਤਾ ਸੀ।
ਦੱਸ ਦਈਏ ਕਿ ਸੂਬਾ ਸਰਕਾਰ ਨੇ ਲੋਕਹਿੱਤ ਵਿੱਚ ਅੱਜ 15 ਜਨਵਰੀ ਸੋਮਵਾਰ ਨੂੰ ਜ਼ਮੀਨੀ ਇੰਤਕਾਲਾਂ ਲਈ ਸਮੂਹ ਤਹਿਸੀਲਾਂ/ਸਬ-ਤਹਿਸੀਲਾਂ ਦੇ ਮਾਲ ਅਧਿਕਾਰੀਆਂ ਨੂੰ ਪੁਰਾਣੇ ਲੰਬਿਤ ਜ਼ਮੀਨੀ ਇੰਤਕਾਲਾਂ ਦਾ ਨਿਪਟਾਰਾ ਕਰਨ ਵਿਸੇਸ਼ ਕੈਂਪ ਲਗਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ। ਇਸ ਤੋ ਪਹਿਲਾਂ 6 ਜਨਵਰੀ ਨੂੰ ਮਾਲ ਵਿਭਾਗ ਨੇ ’ਮਾਨ ਸਰਕਾਰ’ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਸੂਬੇ ਵਿਚ ਲਗਾਏ ਕੈਂਪਾਂ ਇਕੋ ਦਿਨ ’ਚ 31 ਹਜ਼ਾਰ 538 ਇੰਤਕਾਲ ਨਿਪਟਾਕੇ ਨਵੀਂ ਮਿਸਾਲ ਕਾਇਮ ਕੀਤੀ ਗਈ ਹੈ।
ਪੰਜਾਬ ਰੈਵੀਨਿਊ ਅਫਸਰ ਐਸੋਸੀਏਸਨ ਸੂਬਾ ਪ੍ਰਧਾਨ ਸੁਖਚਰਨ ਸਿੰਘ ਚੰਨੀ ਨੇ ਸਮੂਹ ਰੈਵੀਨਿਊ ਅਫਸਰਾਂ/ਕਾਨੂੰਗੋਜ/ਪਟਵਾਰੀਆਂ ਨੂੰ ਅਪੀਲ ਕੀਤੀ ਕਿ ਉਹ 15 ਜਨਵਰੀ ਨੂੰ ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਪੂਰੀ ਤਾਕਤ ਨਾਲ ਕੰਮ ਕਰਨ ਤਾਂ ਜੋ ਲੋਕਾਂ ਦੀ ਸਰਕਾਰ ਤੇ ਮਾਲ ਵਿਭਾਗ ’ਤੇ ਭਰੋਸੇਯੋਗਤਾ ਦਿੜ੍ਹ ਹੋਵੇ ਤੇ ਮੁੜ ਮਿਸਾਲ ਕਾਇਮ ਕੀਤੀ ਜਾ ਸਕੇ।
ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਲੋਕਾਂ ਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਤੇ ਕਿਸੇ ਵੀ ਅਧਿਕਾਰੀ/ਕਰਮਚਾਰੀ ਨੂੰ ਕਿਸੇ ਵੀ ਜਾਇਜ਼ ਕੰਮ ਲਈ ਰਿਸ਼ਵਤ ਨਾ ਦਿੱਤੀ ਜਾਵੇ। ਜੇਕਰ ਮਾਲ ਵਿਭਾਗ ਦਾ ਕੋਈ ਅਧਿਕਾਰੀ ਕਿਸੇ ਕੰਮ ਦੇ ਬਦਲੇ ਪੈਸੇ ਮੰਗਦਾ ਹੈ ਤਾਂ ਬਿਨਾਂ ਝਿਜਕ ਉਸ ਦੀ ਸ਼ਿਕਾਇਤ ਕਰਨੀ ਚਾਹੀਦੀ ਹੈ। ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਵਟਸਐਪ ਰਾਹੀਂ ਇਸ ਹੈਲਪਲਾਈਨ ਨੰਬਰ 8184900002 'ਤੇ ਸ਼ਿਕਾਇਤ ਭੇਜੀ ਜਾ ਸਕਦੀ ਹੈ। ਪ੍ਰਵਾਸੀ ਭਾਰਤੀ ਆਪਣੀ ਲਿਖਤੀ ਸ਼ਿਕਾਇਤ ਨੰਬਰ 9464100168 'ਤੇ ਭੇਜ ਸਕਦੇ ਹਨ।