ਚੰਡੀਗੜ੍ਹ : ਮਰਹੂਮ ਬੇਅੰਤ ਸਿੰਘ ਦੇ ਕਤਲ ਕਾਂਡ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਸਿਹਤ ਵਿਗੜ ਗਈ ਹੈ ਅਤੇ ਕੋਰੋਨਾ ਪਾਜ਼ਿਟਿਵ ਹੋ ਗਏ ਹਨ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਖ਼ਰਾਬ ਸਿਹਤ ਅਤੇ ਕੋਰੋਨਾ ਪਾਜ਼ਿਟਿਵ ਹੋਣ ਬਾਰੇ ਜਾਣ ਕੇ ਅਸੀਂ ਸਾਰੇ ਫ਼ਿਕਰਮੰਦ ਹਾਂ। ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਕੌਮ ਦੇ ਨਾਇਕ ਭਾਈ ਰਾਜੋਆਣਾ ਜੀ ਦੀ ਸਿਹਤ ਸੰਭਾਲ਼ ਲਈ ਉਚੇਚੇ ਕਦਮ ਚੁੱਕੇ ਜਾਣ ਅਤੇ ਉਹਨਾਂ ਨੂੰ ਇਲਾਜ ਲਈ ਤੁਰੰਤ ਚੰਗੇ ਹਸਪਤਾਲ ਵਿਖੇ ਦਾਖਲ ਕਰਵਾਇਆ ਜਾਵੇ।
ਦਰਅਸਲ 'ਚ 31 ਅਗਸਤ 1995 ਵਿੱਚ ਬਲਵੰਤ ਸਿੰਘ ਰਾਜੋਆਣਾ ਦੇ ਅਦਾਲਤ ਵਿੱਚ ਬਿਆਨ ਮੁਤਾਬਕ ਉਨ੍ਹਾਂ ਅਤੇ ਪੰਜਾਬ ਪੁਲਿਸ ਉੱਤੇ ਐਸਪੀਓ ਦਿਲਾਵਰ ਸਿੰਘ ਨੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਬੰਬ ਧਮਾਕੇ ਵਿੱਚ ਕਤਲ ਕਰ ਦਿੱਤਾ ਸੀ। ਦਿਲਾਵਰ ਸਿੰਘ ਨੇ ਮਨੁੱਖੀ ਬੰਬ ਬਣ ਕੇ ਹਮਲਾ ਕੀਤਾ ਤੇ ਰਾਜੋਆਣਾ ਉਸ ਦੇ ਪਿੱਛੇ ਸੀ।
ਜੇਕਰ ਦਿਲਾਵਰ ਨਾਕਾਮ ਹੋ ਜਾਂਦਾ ਤਾਂ ਰਾਜੋਆਣਾ ਨੇ ਹਮਲਾ ਕਰਨਾ ਸੀ। 1 ਅਗਸਤ 2007 ਨੂੰ ਇਸ ਮਾਮਲੇ ਵਿੱਚ ਰਾਜੋਆਣਾ ਨੂੰ ਸੀਬੀਆਈ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਅਤੇ ਰਾਜੋਆਣਾ ਨੇ ਹਾਈਕੋਰਟ ਵਿੱਚ ਅਪੀਲ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦੇ ਕੇਸ ਦੀ ਉੱਚ ਅਦਾਲਤ ਵਿੱਚ ਪੈਰਵੀ ਕੀਤੀ।
ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ 2012 ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਸ਼੍ਰੋਮਣੀ ਕਮੇਟੀ, ਅਕਾਲੀ ਦਲ ਸਿੱਖ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਫਾਂਸੀ ਦੀ ਸਜ਼ਾ ਮੁਆਫ ਕਰਨ ਲਈ ਤਿੱਖੀ ਮੁਹਿੰਮ ਚਲਾਈ। ਪੂਰੇ ਪੰਜਾਬ ਵਿੱਚ ਫਾਂਸੀ ਰੁਕਵਾਉਣ ਲਈ ਰੋਸ ਮੁਜ਼ਾਹਰੇ ਕੀਤੇ ਗਏ। ਲੋਕਾਂ ਨੇ ਘਰ-ਘਰ ਕੇਸਰੀ ਝੰਡੀਆਂ ਲਗਾ ਕੇ ਰਾਜੋਆਣਾ ਨੂੰ ਫਾਂਸੀ ਦੇਣ ਦਾ ਵਿਰੋਧ ਕੀਤਾ।