ਪੰਜਾਬ-ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੂੰ ਆਪਣੇ ਪਿਤਾ ਦੇ ਭੋਗ 'ਚ ਸ਼ਾਮਲ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ। ਰਾਜੋਆਣਾ ਦੇ ਪਿਤਾ ਦੀ 22 ਜਨਵਰੀ ਨੂੰ ਮੌਤ ਹੋ ਗਈ ਸੀ। ਹਾਈ ਕੋਰਟ ਨੇ ਪੁਲਿਸ ਨੂੰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਅਤੇ ਬਲਵੰਤ ਸਿੰਘ ਰਾਜੋਆਣਾ ਨੂੰ 31 ਜਨਵਰੀ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਉਨ੍ਹਾਂ ਦੇ ਪਿਤਾ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਪੁਲਿਸ ਸੁਰੱਖਿਆ ਵਿੱਚ ਲੈ ਜਾਣ ਦੇ ਹੁਕਮ ਦਿੱਤੇ ਹਨ।



ਰਾਜੋਆਣਾ ਨੇ ਐਡਵੋਕੇਟ ਵਿਵੇਕ ਠਾਕੁਰ ਜ਼ਰੀਏ ਦਾਇਰ ਆਪਣੀ ਪਟੀਸ਼ਨ ਵਿੱਚ ਕਿਹਾ ਸੀ ਕਿ ਉਸ ਦੇ ਪਿਤਾ ਜਸਵੰਤ ਸਿੰਘ ਦੀ 22 ਜਨਵਰੀ ਨੂੰ ਮੌਤ ਹੋ ਗਈ ਸੀ। ਉਸ ਨੇ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਜੇਲ੍ਹ ਪ੍ਰਸ਼ਾਸਨ ਤੋਂ ਪੈਰੋਲ ਦੀ ਮੰਗ ਕੀਤੀ ਸੀ। ਜੇਲ੍ਹ ਪ੍ਰਸ਼ਾਸਨ ਨੇ ਉਸ ਦੀ ਮੰਗ ਨੂੰ ਠੁਕਰਾ ਦਿੱਤਾ, ਜਿਸ ਕਾਰਨ ਰਾਜੋਆਣਾ ਨੇ ਹੁਣ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਹੈ।



ਰਾਜੋਆਣਾ ਨੇ ਕਿਹਾ ਸੀ ਕਿ ਉਸ ਦੇ ਪਿਤਾ ਪਿਛਲੇ 26 ਸਾਲਾਂ ਤੋਂ ਲਗਾਤਾਰ ਜੇਲ੍ਹ ਵਿੱਚ ਉਨ੍ਹਾਂ ਨੂੰ ਮਿਲਣ ਆਉਂਦੇ ਸਨ, ਇਸ ਲਈ ਹੁਣ ਉਨ੍ਹਾਂ ਨੂੰ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ। ਸ਼ੁੱਕਰਵਾਰ ਨੂੰ ਸੁਣਵਾਈ ਦੌਰਾਨ ਥਾਣਾ ਸਦਰ ਲੁਧਿਆਣਾ ਦੇ ਐੱਸਐੱਚਓ ਨੇ ਹਾਈਕੋਰਟ ਨੂੰ ਦੱਸਿਆ ਕਿ ਰਾਜੋਆਣਾ ਦੇ ਪਿਤਾ ਦੀ 22 ਜਨਵਰੀ ਨੂੰ ਮੌਤ ਹੋ ਗਈ ਸੀ ਅਤੇ ਉਸ ਦੇ ਪਿਤਾ ਦਾ ਭੋਗ 31 ਜਨਵਰੀ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਪੈ ਰਿਹਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ 31 ਅਗਸਤ 1995 ਨੂੰ ਪੰਜਾਬ ਸਕੱਤਰੇਤ ਦੇ ਬਾਹਰ ਬੰਬ ਧਮਾਕੇ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਕੇਸ ਵਿੱਚ ਸੀਬੀਆਈ ਅਦਾਲਤ ਨੇ ਰਾਜੋਆਣਾ ਨੂੰ ਦੋਸ਼ੀ ਕਰਾਰ ਦਿੰਦਿਆਂ 27 ਜੁਲਾਈ 2007 ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ।


ਇਹ ਵੀ ਪੜ੍ਹੋ: Breaking News: ਭਗਵੰਤ ਮਾਨ ਨੇ ਵੀ ਭਰੀ ਨਾਮਜ਼ਦਗੀ, ਧੂਰੀ ਸੀਟ ਤੋਂ ਲੜਨਗੇ ਚੋਣ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904