ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਕਤਲ ਮਾਮਲੇ 'ਚ NIA ਅਦਾਲਤ 'ਚ 10 'ਤੇ ਦੋਸ਼ ਤੈਅ , ਚਾਰ ਬਰੀ, 2 ਸਾਲ ਪਹਿਲਾਂ ਹੋਇਆ ਸੀ ਕਤਲ
ਅੰਮ੍ਰਿਤਸਰ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੀ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਦੇ ਕਤਲ ਕੇਸ ਵਿੱਚ 10 ਮੁਲਜ਼ਮਾਂ ਖ਼ਿਲਾਫ਼ ਅਪਰਾਧਿਕ ਸਾਜ਼ਿਸ਼ ਰਚਣ, ਸਬੂਤ ਨਸ਼ਟ ਕਰਨ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਤੈਅ ਕੀਤੇ ਹਨ। ਨਾਲ ਹੀ ਚਾਰ ਨੂੰ ਬਰੀ ਕਰ ਦਿੱਤਾ ਗਿਆ। ਅਕਤੂਬਰ 2020 ਵਿੱਚ ਸ਼ੌਰਿਆ ਚੱਕਰ ਵਿਜੇਤਾ ਬਲਵਿੰਦਰ ਸਿੰਘ ਸੰਧੂ ਨੂੰ ਭਿੱਖੀਵਿੰਡ ਵਿੱਚ ਉਸਦੇ ਸਕੂਲ ਵਿੱਚ ਹੀ ਗੋਲੀ ਮਾਰ ਦਿੱਤੀ ਗਈ ਸੀ।
ਇਸ ਕਤਲ ਵਿੱਚ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਦਾ ਨਾਮ ਆਉਣ ਤੋਂ ਬਾਅਦ ਜਾਂਚ ਐਨਆਈਏ ਨੂੰ ਸੌਂਪੀ ਗਈ ਸੀ। ਜਾਂਚ ਏਜੰਸੀ ਨੇ ਸੋਮਵਾਰ ਨੂੰ ਗੁਰਜੀਤ ਸਿੰਘ, ਸੁਖਦੀਪ ਸਿੰਘ, ਇੰਦਰਜੀਤ ਸਿੰਘ, ਸੁਖਮੀਤਪਾਲ ਸਿੰਘ, ਨਵਪ੍ਰੀਤ ਸਿੰਘ, ਹਰਬਿੰਦਰ ਸਿੰਘ ਅਤੇ ਸੁਖਰਾਜ ਸਿੰਘ, ਰਵੀ ਢਿੱਲੋਂ, ਜਗਰੂਪ ਸਿੰਘ ਅਤੇ ਅਕਾਸ਼ਦੀਪ ਸਿੰਘ ਧਾਲੀਵਾਲ ਵਿਰੁੱਧ ਚਾਰਜਸ਼ੀਟ ਦਾਖਲ ਕੀਤੀ, ਜਦਕਿ ਰਵਿੰਦਰ ਸਿੰਘ, ਰਾਕੇਸ਼ ਕੁਮਾਰ, ਚੰਦ ਕੁਮਾਰ ਅਤੇ ਪ੍ਰਭਦੀਪ ਸਿੰਘ ਮਿੱਠੂ ਨੂੰ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ। ਬਲਵਿੰਦਰ ਸਿੰਘ ਸੰਧੂ ਦਾ ਕਤਲ ਇਕ ਕੰਟਰੈਕਟ ਕਿਲਿੰਗ ਸੀ। ਕਤਲ ਲਈ ਗੈਂਗਸਟਰ ਸੁੱਖ ਭਿਖਾਰੀਵਾਲ ਨੇ ਗੁਰਜੀਤ ਸਿੰਘ ਅਤੇ ਸੁਖਦੀਪ ਸਿੰਘ ਨਾਲ ਤਿੰਨ ਲੱਖ ਵਿੱਚ ਸੌਦਾ ਕੀਤਾ ਸੀ।
200 ਅੱਤਵਾਦੀਆਂ ਨੂੰ ਖਦੇੜਿਆ ਸੀ
ਸਤੰਬਰ 1990 ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਨੇ 200 ਅੱਤਵਾਦੀਆਂ ਨਾਲ ਬਲਵਿੰਦਰ ਸਿੰਘ ਦੇ ਘਰ 'ਤੇ ਹਮਲਾ ਕੀਤਾ ਸੀ। ਅੱਤਵਾਦੀਆਂ ਨੇ ਘਰ ਨੂੰ ਚਾਰੇ ਪਾਸਿਓਂ ਘੇਰ ਲਿਆ ਸੀ। ਬਲਵਿੰਦਰ ਦੇ ਪਰਿਵਾਰ ਦੀ ਅੱਤਵਾਦੀਆਂ ਨਾਲ ਸਖ਼ਤ ਟੱਕਰ ਸੀ। ਪੰਜ ਘੰਟੇ ਚੱਲੇ ਮੁਕਾਬਲੇ ਵਿੱਚ ਪੰਜਵੜ ਭੱਜ ਖੜ੍ਹਾ ਹੋ ਗਿਆ ਸੀ ਅਤੇ ਉਸਦੇ ਕਈ ਸਾਥੀ ਮਾਰੇ ਗਏ ਸਨ। 1993 ਵਿੱਚ ਗ੍ਰਹਿ ਮੰਤਰਾਲੇ ਦੀ ਸਿਫਾਰਸ਼ 'ਤੇ ਤਤਕਾਲੀ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਨੇ ਬਲਵਿੰਦਰ ਸਿੰਘ, ਉਸ ਦੇ ਵੱਡੇ ਭਰਾ ਰਣਜੀਤ ਸਿੰਘ ਅਤੇ ਦੋਵਾਂ ਭਰਾਵਾਂ ਦੀਆਂ ਪਤਨੀਆਂ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਸੀ।