ਚੰਡੀਗੜ੍ਹ: ਤਰਨਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ 'ਚ ਦੋ ਹਫ਼ਤੇ ਪਹਿਲਾਂ 16 ਅਕਤੂਬਰ ਨੂੰ ਹੋਏ ਕਾਮਰੇਡ ਬਲਵਿੰਦਰ ਸਿੰਘ ਕਤਲ ਮਾਮਲੇ 'ਚ ਪੀੜਤ ਪਰਿਵਾਰ ਪੁਲਿਸ ਜਾਂਚ ਤੋਂ ਨਾਖੁਸ਼ ਨਜ਼ਰ ਆ ਰਿਹਾ ਹੈ।ਉਧਰ ਕਤਲ ਮਾਮਲੇ 'ਚ ਪੁਲਿਸ ਨੂੰ ਸੀਸੀਟੀਵੀ ਫੁਟੇਜ ਤੋਂ ਠੋਸ ਸੁਰਾਗ ਤਾਂ ਮਿਲੇ ਹਨ ਪਰ ਪੁਲਿਸ ਦੇ ਹੱਥ ਅਜੇ ਤੱਕ ਖਾਲੀ ਹਨ।ਪੁਲਿਸ ਇਸ ਮਾਮਲੇ 'ਚ ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਇਸ ਵਾਰਦਾਤ 'ਚ ਸ਼ਾਮਲ ਹੋਣ ਦੇ ਪੱਖ ਨੂੰ ਵੀ ਜਾਂਚ ਰਹੀ ਹੈ।
ਸ਼ੌਰਯਾ ਚੱਕਰ ਐਵਾਰਡੀ ਕਾਮਰੇਡ ਬਲਵਿੰਦਰ ਸਿੰਘ ਦੀ ਪਤਨੀ ਜਗਦੀਸ਼ ਕੌਰ ਪੁਲਿਸ ਦੀ ਜਾਂਚ ਪੜਤਾਲ ਤੋਂ ਬਹੁਤ ਖੁਸ਼ ਨਜ਼ਰ ਨਹੀਂ ਆ ਰਹੀ।ਜਗਦੀਸ਼ ਕੌਰ ਮੁਤਾਬਿਕ ਪੁਲਿਸ ਜਾਂਚ ਸਹੀ ਦਿਸ਼ਾ ਵੱਲ ਨਹੀਂ ਜਾ ਰਹੀ ਹੈ।ਜਗਦੀਸ਼ ਕੌਰ ਦਾ ਕਹਿਣਾ ਹੈ ਕਿ ਪੁਲਿਸ ਉਸਦੇ ਪੁੱਤਰਾਂ ਅਤੇ ਉਨ੍ਹਾਂ ਦੇ ਦੋਸਤਾਂ ਨੂੰ ਹੀ ਤੰਗ ਪਰੇਸ਼ਾਨ ਕਰ ਰਹੀ ਹੈ।ਜਗਦੀਸ਼ ਕੌਰ ਨੇ ਕਿਹਾ ਕਿ, "ਅਸੀਂ ਪੁਲਿਸ ਨੂੰ ਇਸ ਕਤਲ ਪਿੱਛੇ ਖਾਲਿਸਤਾਨੀ ਤੱਤ ਹੋਣ ਬਾਰੇ ਦੱਸਿਆ ਹੈ।ਪਰ ਪਤਾ ਨਹੀਂ ਕਿਉਂ ਪੁਲਿਸ ਇਸ ਪਾਸੇ ਧਿਆਨ ਨਹੀਂ ਦੇ ਰਹੀ।"
ਦੱਸ ਦੇਈਏ ਕਿ 16 ਅਕਤੂਬਰ 2020 ਨੂੰ ਸ਼ੌਰਯਾ ਚੱਕਰ ਐਵਾਰਡੀ ਕਾਮਰੇਡ ਬਲਵਿੰਦਰ ਸਿੰਘ ਦਾ ਦੋ ਅਣਪਛਾਤੇ ਕਾਤਲਾਂ ਵਲੋਂ ਉਨ੍ਹਾਂ ਦੀ ਭਿੱਖੀਵਿੰਡ ਰਹਾਇਸ਼ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਜੱਗੂ ਭਗਵਾਨਪੁਰੀਆ ਬਾਰੇ ਬੋਲਦੇ ਹੋਏ ਜਗਦੀਸ਼ ਕੌਰ ਨੇ ਕਿਹਾ, ਜੱਗੂ ਦਾ ਇਸ ਕੇਸ ਨਾਲ ਕੋਈ ਸਬੰਧ ਨਹੀਂ ਹੈ।ਉਨ੍ਹਾਂ ਇਲਜ਼ਾਮ ਲਾਇਆ ਕਿ ਪੁਲਿਸ ਸਿਰਫ ਕੇਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਅਜਿਹਾ ਕਰਕੇ ਅੱਖਾਂ 'ਚ ਮਿੱਟੀ ਪਾ ਰਹੀ ਹੈ।
ਜਗਦੀਸ਼ ਕੌਰ ਨੇ ਕਿਹਾ,
ਪੁਲਿਸ ਇਸ ਮਾਮਲੇ ਨੂੰ ਨਿੱਜੀ ਰੰਜਿਸ਼ ਦਾ ਮਾਮਲਾ ਬਣਾ ਰਹੀ ਹੈ ਕਿਉਂਕਿ ਉਹ ਸਾਡੀ ਸੁਰੱਖਿਆ ਨੂੰ ਖੋਹ ਲਏ ਜਾਣ ਵਿੱਚ ਆਪਣੀ ਲਾਪਰਵਾਹੀ ਨੂੰ ਲੁਕਾਉਣਾ ਚਾਹੁੰਦੇ ਹਨ।" ਉਸਨੇ ਕਿਹਾ ਮੇਰੇ ਬੇਟੇ ਗੈਂਗਸਟਰ ਨਹੀਂ ਹਨ।ਪੁਲਿਸ ਨੇ ਕੀਮਤੀ ਸਮਾਂ ਗੁਆ ਦਿੱਤਾ ਹੈ ਇਹ ਐਂਗਲ ਨੂੰ ਸਾਬਤ ਕਰਦਿਆਂ।ਜਗਦੀਸ਼ ਕੌਰ ਨੇ ਕਿਹਾ ਪੂਰਾ ਪਿੰਡ ਜਾਣਦਾ ਹੈ ਕਿ ਬਲਵਿੰਦਰ ਸਿੰਘ ਦੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਸੀ।-
ਬਲਵਿੰਦਰ ਸਿੰਘ ਦੀ ਪਤਨੀ ਨੇ ਕਿਹਾ,
ਉਨ੍ਹਾਂ ਮੇਰੇ ਪਤੀ ਦਾ ਸਰੇਆਮ ਕਤਲ ਕੀਤਾ ਅਤੇ ਮੇਨ ਹਾਈਵੇਅ ਰਾਹੀਂ ਫਰਾਰ ਹੋ ਗਏ। ਕੀ ਪੁਲਿਸ ਦੀ ਡਿਊਟੀ ਨਹੀਂ ਬਣਦੀ ਸੀ ਕਿ ਉਨ੍ਹਾਂ ਨੂੰ ਕਾਬੂ ਕਰਦੀ? ਉਨ੍ਹਾਂ ਹੈਰਾਨੀ ਨਾਲ ਕਿਹਾ ਅੱਜ ਕਿੰਨੇ ਦਿਨ ਹੋ ਗਏ ਹਨ ਪਰ ਪੁਲਿਸ ਹਾਲੇ ਤੱਕ ਵੀ ਖਾਲੀ ਹੱਥ ਹੈ।ਜਗਦੀਸ਼ ਕੌਰ ਨੇ ਕਿਹਾ ਸਾਨੂੰ ਪੂਰਾ ਯਕੀਨ ਹੈ ਪਹਿਲਾਂ ਸਾਡੇ ਇਲਾਕੇ ਦੀ ਰੇਕੀ ਕੀਤੀ ਗਈ ਸੀ।ਇਹ ਪੂਰਾ ਕੇਸ ਅੱਤਵਾਦ ਨਾਲ ਜੁੜਿਆ ਹੋਇਆ ਹੈ।-
ਜਗਦੀਸ਼ ਕੌਰ ਨੇ ਪੁਲਿਸ ਸੁਰੱਖਿਆ ਤੋਂ ਅਸੰਤੁਸ਼ਟ ਹੁੰਦੇ ਹੋਏ ਕਿਹਾ, ਸਾਨੂੰ ਦਿੱਤੀ ਗਈ ਸੁਰੱਖਿਆ ਨਿਯਮਤ ਨਹੀਂ ਹੈ।ਪਹਿਲਾਂ ਸਾਨੂੰ ਦੋ ਮੁਲਾਜ਼ਮ ਦਿੱਤੇ ਗਏ ਸੀ ਪਰ ਹੁਣ ਸਿਰਫ ਇੱਕ ਹੀ ਪਹੁੰਚਦਾ ਹੈ।ਜਗਦੀਸ਼ ਕੌਰ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਜੇਕਰ ਸਾਨੂੰ ਢੁਕਵੀਂ ਸੁਰੱਖਿਆ ਅਤੇ ਇਨਸਾਫ ਨਾਲ ਮਿਲਿਆ ਤਾਂ ਅਸੀਂ ਅੱਗੇ ਦੇ ਐਕਸ਼ਨ ਪਲਾਨ ਲਈ ਆਪਣੀ ਪਾਰਟੀ ਨਾਲ ਵਿਚਾਰ ਵਟਾਂਦਰਾ ਕਰਾਂਗੇ।
ਸਰਕਾਰ ਦੇ ਕੀਤੇ ਵਾਅਦਿਆਂ ਨੂੰ ਝੂਠ ਦੱਸਦੇ ਹੋਏ ਜਗਦੀਸ਼ ਕੌਰ ਨੇ ਕਿਹਾ, ਸਰਕਾਰ ਨੇ ਸਾਡੇ ਨਾਲ ਕੀਤਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਹੈ।ਉਨ੍ਹਾਂ ਦੱਸਿਆ ਕਿ ਨਾ ਤਾਂ ਸਰਕਾਰ ਨੇ ਉਨ੍ਹਾਂ ਦੇ ਪੁਤਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਅਤੇ ਨਾ ਹੀ ਕੋਈ ਮੁਆਵਜ਼ਾ ਦਿੱਤਾ ਹੈ।ਇਹ ਸਭ ਤਾਂ ਦੂਰ ਸਰਕਾਰ ਨੇ ਉਨ੍ਹਾਂ ਨਾਲ ਇਸ ਸਬੰਧੀ ਕੋਈ ਸੰਪਰਕ ਤੱਕ ਨਹੀਂ ਕੀਤਾ ਹੈ।
ਪੁਲਿਸ ਦੀ ਜਾਂਚ ਹੁਣ ਪੰਜਾਬ ਦੇ ਵੱਡੇ ਮਹਾਨਗਰ ਤਕ ਪਾਹੁੰਚ ਗਈ ਹੈ। ਤਰਨਤਾਰਨ ਦੇ SSP ਧਰੁੰਮਨ ਨਿੰਭਾਲੇ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਨੇ ਪੰਜਾਬ 'ਚ ਵੱਡੇ ਪੱਧਰ ਤੇ ਸੀਸੀਟੀਵੀ ਖੰਗਾਲੇ ਹਨ ਤੇ ਇਸ ਤੋਂ ਕੇਸ 'ਚ ਮਹੱਤਵਪੂਰਣ ਸੁਰਾਗ ਪੁਲਿਸ ਹੱਥ ਲੱਗੇ ਹਨ।ਨਿੰਭਾਲੇ ਨੇ ਇਹ ਵੀ ਦੱਸਿਆ ਕਿ ਪੁਲਿਸ ਨੂੰ ਵਾਰਦਾਤ 'ਚ ਵਰਤੇ ਮੋਟਰਸਾਈਕਲ ਤੋਂ ਵੀ ਅਹਿਮ ਸੁਰਾਗ ਮਿਲੇ ਹਨ।ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਸੁਰਾਗਾਂ ਦੀ ਮਦਦ ਨਾਲ ਪੁਲਿਸ ਕੇਸ ਨੂੰ ਛੇਤੀ ਸੁਲਝਾ ਲਵੇਗੀ। SSP ਮੁਤਾਬਿਕ ਪੁਲਿਸ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਨੰਬਰ ਪਲੇਟ ਮੋਟਰਸਾਇਕਲ ਤੇ ਲੱਗੀ ਸੀ ਉਸ ਨੰਬਰ ਦਾ ਕੋਈ ਪਲਸਰ ਮੋਟਰਸਾਈਕਲ ਹੀ ਰਜਿਸਟਰਡ ਨਹੀਂ ਹੈ।
ਪੁਲਿਸ ਨੇ IPC ਦੀ ਧਾਰਾ 302, 34 ਤੇ ਅਸਲਾ ਐਕਟ ਦੀ ਧਾਰਾ 25, 27 ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।ਕਾਮਰੇਡ ਬਲਵਿੰਦਰ ਸਿੰਘ, ਨੂੰ ਪੰਜਾਬ ਵਿੱਚ ਅੱਤਵਾਦ ਵਿਰੁੱਧ ਲੜਾਈ ਲੜਨ ਲਈ ਸ਼ੌਰਯਾ ਚੱਕਰ ਨਾਲ ਨਿਵਾਜਿਆ ਗਿਆ ਸੀ। ਉਨ੍ਹਾਂ 1980 ਤੇ 90 ਦੇ ਦਹਾਕੇ 'ਚ ਦਹਿਸ਼ਤਗਰਦਾਂ ਨਾਲ ਕਈ ਵਾਰ ਲੋਹਾ ਲਿਆ ਸੀ। 1993 ਤੱਕ ਬਲਵਿੰਦਰ ਸਿੰਘ ਤੇ ਪਰਿਵਾਰ 'ਤੇ 11 ਮਹੀਨਿਆਂ 'ਚ 16 ਅਟੈਕ ਹੋਏ ਸੀ। ਬਲਵਿੰਦਰ ਸਿੰਘ ਦਾ ਪਰਿਵਾਰ ਅੱਤਵਾਦੀਆਂ ਦੀ ਹਿੱਟ ਲਿਸਟ 'ਚ ਸੀ।