ਬਰਨਾਲਾ: ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 387ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਸਿੱਖ ਧਰਮ ਦੇ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦਾ 487ਵਾਂ ਪ੍ਰਕਾਸ਼-ਪੁਰਬ ਹੈ। ਬੁਲਾਰਿਆਂ ਨੇ ਇਸ ਮੌਕੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਤੇ ਗੁਰੂ ਜੀ ਦੀਆਂ ਸਿਖਿਆਵਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਅਰਜ਼ ਕੀਤੀ।
ਅੱਜ ਬੁਲਾਰਿਆਂ ਨੇ ਪੰਜਾਬ ਦੀਆਂ ਮੰਡੀਆਂ ਵਿੱਚ ਰੁਲ ਰਹੇ ਕਿਸਾਨਾਂ ਦੀ ਵਿਥਿਆ ਸੁਣਾਈ। ਆਗੂਆਂ ਨੇ ਕਿਹਾ ਕਿ ਮੌਸਮ ਬਦਲ ਜਾਣ ਕਾਰਨ ਤਾਪਮਾਨ ਬਹੁਤ ਘੱਟ ਗਿਆ ਹੈ ਜਿਸ ਕਾਰਨ ਨਮੀ ਦੀ 17% ਤੈਅ-ਸ਼ੁਦਾ ਮਾਤਰਾ ਹਾਸਲ ਕਰਨੀ ਬਹੁਤ ਮੁਸ਼ਕਲ ਹੈ। ਵਧ ਨਮੀ ਕਾਰਨ ਕਿਸਾਨਾਂ ਨੂੰ ਕਈ ਦਿਨਾਂ ਤੱਕ ਮੰਡੀਆਂ ਵਿੱਚ ਰੁਲਣਾ ਪੈਂਦਾ ਹੈ। ਖਰੀਦ ਹੋ ਜਾਣ ਬਾਅਦ ਵੀ ਕਈ ਦਿਨ ਤੱਕ ਲਿਫਟਿੰਗ ਨਹੀਂ ਹੁੰਦੀ। 48 ਘੰਟਿਆਂ 'ਚ ਭੁਗਤਾਨ ਹੋਣ ਵਾਲੇ ਸਰਕਾਰੀ ਦਾਅਵੇ ਦੀ ਵੀ ਫੂਕ ਨਿਕਲ ਗਈ ਹੈ। ਕਿਸਾਨਾਂ ਨੂੰ ਬੈਂਕਾਂ ਦੇ ਕਈ ਗੇੜੇ ਮਾਰਨੇ ਪੈਂਦੇ ਹਨ ਪਰ ਖਾਤਿਆਂ ਵਿੱਚ ਰਕਮ ਨਹੀਂ ਪਹੁੰਚਦੀ।
ਬੁਲਾਰਿਆਂ ਨੇ ਮੰਗ ਕੀਤੀ ਕਿ ਝੋਨੇ 'ਚ ਨਮੀ ਦੀ ਮਾਤਰਾ 17%ਤੋਂ ਵਧਾ ਕੇ 20% ਕੀਤੀ ਜਾਵੇ ਤੇ ਮੰਡੀਆਂ ਦੀਆਂ ਬਾਕੀ ਸਭ ਬਦ-ਇੰਤਜਾਮੀਆਂ ਨੂੰ ਤੁਰੰਤ ਦਰੁਸਤ ਕੀਤਾ ਜਾਵੇ। ਬੁਲਾਰਿਆਂ ਨੇ ਕਿਹਾ ਕਿ 15 ਅਕਤੂਬਰ ਨੂੰ ਸਿੰਘੂ ਬਾਰਡਰ 'ਤੇ ਹੋਈ ਮੰਦਭਾਗੀ ਘਟਨਾ ਨੂੰ ਸਹੀ ਸੰਦਰਭ ਵਿੱਚ ਸਮਝਣ ਦੀ ਜਰੂਰਤ ਹੈ। ਇਹ ਕੋਈ ਇੱਕੋਲਿਤਰੀ ਘਟਨਾ ਨਹੀਂ ਸਗੋਂ ਸਰਕਾਰ ਦੀਆਂ ਖੁਫੀਆ ਏਜੰਸੀਆਂ ਦੁਆਰਾ ਲਿਖੀ ਹੋਈ ਸਕਰਿਪਟ ਦੀ ਇੱਕ ਅਗਲੀ ਕੜੀ ਹੈ। 26 ਜਨਵਰੀ ਦੀ ਲਾਲ ਕਿਲ੍ਹੇ ਵਾਲੀ ਸਾਜਿਸ਼ੀ ਘਟਨਾ ਵੀ ਇਸੇ ਸਕਰਿਪਟ ਦਾ ਹਿੱਸਾ ਸੀ।
ਉਨ੍ਹਾਂ ਕਿਹਾ ਕਿ ਸਰਕਾਰੀ ਏਜੰਸੀਆਂ ਕੁਝ ਕਿਸਾਨ ਦੋਖੀਆਂ ਸਹਾਰੇ ਅੰਦੋਲਨ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਸਰਕਾਰੀ ਖੁਫੀਆ ਏਜੰਸੀਆਂ ਨੇ 26 ਜਨਵਰੀ ਦੀ ਘਟਨਾ ਨੂੰ ਅੰਜਾਮ ਦੇਣ ਅਤੇ ਅੰਦੋਲਨ ਨੂੰ ਬਦਨਾਮ ਕਰਨ ਲਈ ਇਨ੍ਹਾਂ ਹੀ ਅਨਸਰਾਂ ਨੂੰ ਵਰਤਿਆ ਸੀ। 15 ਅਕਤੂਬਰ ਵਾਲੀ ਕਾਲੀ ਕਰਤੂਤ ਦੇ ਪਿਛੋਕੜ ਵਿੱਚ ਉਹੀ ਸਰਕਾਰੀ ਏਜੰਸੀਆਂ ਅਤੇ 26 ਜਨਵਰੀ ਵਾਲੇ ਧਰਮ ਦੇ ਉਹੀ ਤਥਾਕਥਿਤ ਅਲੰਬਰਦਾਰ ਸ਼ਾਮਲ ਸਨ।
ਇਹ ਵੀ ਪੜ੍ਹੋ: Punjab Elections: ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਦੋ ਹਰ ਉਮੀਦਵਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/