ਸ਼ੰਕਰ ਬਦਰਾ ਦੀ ਰਿਪੋਰਟ
ਬਰਨਾਲਾ : ਬਰਨਾਲਾ ਜ਼ਿਲ੍ਹੇ ਦੇ ਪਿੰਡ ਬਦਰਾ ਵਿਖੇ ਪਿਛਲੇ ਕਈ ਦਿਨਾਂ ਤੋਂ ਛੱਪੜ ਦਾ ਪਾਣੀ ਓਵਰਫਲੋਅ ਹੋਣ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਛੱਪੜ ਦਾ ਗੰਦਾ ਪਾਣੀ ਓਵਰਫਲੋਅ ਹੋ ਕੇ ਬਦਰਾ ਤੋਂ ਭੈਣੀ ਫੱਤਾ ਨੂੰ ਜਾਂਦੀ ਸੜਕ 'ਤੇ ਖੜ੍ਹਾ ਹੈ ,ਜਿਸ ਕਰਕੇ ਪਿੰਡ ਅਤੇ ਖਾਸਕਰ ਦਲਿਤ ਬਸਤੀ ਦੇ ਲੋਕ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਇਸ ਦੇ ਕਾਰਨ ਸਕੂਲੀ ਬੱਚਿਆਂ ਨੂੰ ਵੀ ਇਸ ਗੰਦੇ ਪਾਣੀ ਵਿਚੋਂ ਦੀ ਲੰਘ ਕੇ ਸਕੂਲ ਜਾਣਾ ਪੈ ਰਿਹਾ ਹੈ।
ਦਰਅਸਲ 'ਚ ਪਿੰਡ ਬਦਰਾ 'ਚ ਗੰਦੇ ਪਾਣੀ ਦੇ ਨਿਕਾਸ ਲਈ ਬਦਰਾ ਦੀ ਪੰਚਾਇਤ ਵੱਲੋਂ ਪਾਈਪ ਲਾਈਨ ਪਾਈ ਜਾ ਰਹੀ ਸੀ ,ਜਿਸ ਦਾ ਕੁੱਝ ਘਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਛੱਪੜ ਦਾ ਗੰਦਾ ਪਾਣੀ ਘਰਾਂ ਨੇੜੇ ਖੇਤਾਂ ਵਿੱਚ ਕੱਢਿਆ ਜਾ ਰਿਹਾ ਹੈ , ਜਿਸ ਕਰਕੇ ਪਰਨਾਲਾ ਜਿਉਂ ਦਾ ਤਿਉਂ ਹੀ ਹੈ।
ਜਦੋਂ ਇਸ ਸਬੰਧੀ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਛੱਪੜ ਦਾ ਗੰਦਾ ਪਾਣੀ ਪਿਛਲੇ ਕਾਫੀ ਦਿਨਾਂ ਤੋਂ ਸੜਕ ’ਤੇ ਖੜਾ ਰਹਿਣ ਕਰਕੇ ਆਉਣ ਜਾਣ ਵਾਲਿਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਘਰਾਂ ਤਕ ਜਾਣ ਲਈ ਇਸ ਗੰਦੇ ਪਾਣੀ ਵਿੱਚੋਂ ਲੰਘਣ ਲਈ ਮਜਬੂਰ ਹਨ। ਬਰਸਾਤ ਹੋਣ ’ਤੇ ਦਸ਼ਾ ਹੋਰ ਜ਼ਿਆਦਾ ਖ਼ਰਾਬ ਹੋ ਜਾਂਦੀ ਹੈ। ਪਾਣੀ ਵਿੱਚ ਬਦਬੂ ਫੈਲਣ ਨਾਲ ਬੀਮਾਰੀਆਂ ਫੈਲਣ ਦਾ ਡਰ ਸਤਾ ਰਿਹਾ ਹੈ।
ਦਸਮੇਸ਼ ਯੁਵਕ ਸੇਵਾਵਾਂ ਕਲੱਬ ਪਿੰਡ ਬਦਰਾ ਦੀ ਪ੍ਰਧਾਨ ਮਨਪ੍ਰੀਤ ਕੌਰ ਮਾਨ ਨੇ ਕਿਹਾ ਕਿ ਪਿਛਲੇ ਕਾਫੀ ਦਿਨਾਂ ਤੋਂ ਛੱਪੜ ਦਾ ਗੰਦਾ ਪਾਣੀ ਸੜਕ ’ਤੇ ਹੀ ਖੜ੍ਹਾ ਹੈ, ਜਿਸ ਨਾਲ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ’ਤੇ ਗੰਦਾ ਪਾਣੀ ਖੜ੍ਹਾ ਰਹਿਣ ਕਰਕੇ ਬਿਮਾਰੀ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਉਨਾਂ ਦੱਸਿਆ ਕਿ ਉਹ ਇਸ ਸਮੱਸਿਆ ਬਾਰੇ ਪੰਚਾਇਤ ਸੈਕਟਰੀ ਤੇ ਹੋਰ ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੇ ਹਨ ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ।
ਓਧਰ ਪਿੰਡ ਬਦਰਾ ਦੇ ਸਰਪੰਚ ਗੁਰਪੀਤ ਸਿੰਘ ਦਾ ਕਹਿਣਾ ਹੈ ਕਿ ਜੋ ਘਰ ਇਸ ਪਾਈਪ ਲਾਈਨ ਦਾ ਵਿਰੋਧ ਕਰ ਰਹੇ ਹਨ ,ਉਨ੍ਹਾਂ ਨੇ ਪਹਿਲਾਂ ਇਸ ਸਬੰਧੀ ਲਿਖਤੀ ਸਹਿਮਤੀ ਦਿੱਤੀ ਸੀ ਪਰ ਬਾਅਦ 'ਚ ਮੁਕਰ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਾਨੂੰਨੀ ਤੌਰ 'ਤੇ ਕਾਗ਼ਜ਼ੀ ਕਰਵਾਈ ਪੂਰੀ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਜਲਦ ਹੀ ਇਸ ਦਾ ਹੱਲ ਨਿਕਲ ਆਵੇਗਾ।