ਬਟਾਲਾ: ਪਿੰਡ ਕਾਲ਼ੇ ਨੰਗਲ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬੇਔਲਾਦ ਮਹਿਲਾ ਤੇ ਉਸ ਨੇ ਪਰਿਵਾਰ ਨੇ ਤਾਂਤਰਿਕ ਮਹਿਲਾ ਪਿੱਛੇ ਲੱਗ ਕੇ ਇੱਕ ਗਰਭਵਤੀ ਮਹਿਲਾ ਤੇ ਉਸ ਦੇ ਪੇਟ ਵਿੱਚ ਪਲ ਰਹੇ ਸੱਤ ਮਹੀਨਿਆਂ ਦੇ ਬੱਚੇ ਦਾ ਕਤਲ ਕਰ ਦਿੱਤਾ। ਪੁਲਿਸ ਨੇ ਕਾਰਵਾਈ ਕਰਦਿਆਂ 9 ਮੁਲਜ਼ਮਾਂ ਵਿੱਚੋਂ ਮੁੱਖ ਮੁਲਜ਼ਮ ਮਹਿਲਾ ਰਵਿੰਦਰ ਕੌਰ ਤੇ ਤਾਂਤਰਿਕ ਮਹਿਲਾ ਦੇਵਾ ਸਮੇਤ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀ ਪੰਜ ਜਣਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਡਿਊਟੀ ਮੈਜਿਸਟ੍ਰੇਟ ਦੀ ਨਿਗਰਾਨੀ 'ਚ ਦਫ਼ਨਾਏ ਗਏ ਬੱਚੇ ਦੀ ਲਾਸ਼ ਵੀ ਬਰਾਮਦ ਕਰ ਲਈ ਗਈ ਹੈ।

ਜਾਣਕਾਰੀ ਮੁਤਾਬਕ ਮੁਲਜ਼ਮ ਮਹਿਲਾ ਰਵਿੰਦਰ ਕੌਰ ਨੇ ਔਲਾਦ ਦੀ ਚਾਹ ਵਿੱਚ ਤਾਂਤਰਿਕ ਮਹਿਲਾ ਦੇਵਾ ਦੇ ਬਹਿਕਾਵੇ ਵਿੱਚ ਆ ਕੇ ਜਸਬੀਰ ਕੌਰ ਤੇ ਉਸ ਦੀ ਕੁੱਖ ਵਿਚਲੇ ਬੱਚੇ ਦਾ ਕਤਲ ਕਰ ਦਿੱਤਾ। ਮੁਲਜ਼ਮ ਨੇ ਮ੍ਰਿਤਕ ਮਹਿਲਾ ਦੇ ਪੇਟ ਨੂੰ ਬਲੇਡ ਵਾਲ ਪਾੜ ਕੇ ਬੱਚਾ ਬਾਹਰ ਕੱਢਿਆ ਪਰ ਬੱਚਾ ਮਰਿਆ ਹੋਇਆ ਦੇਖ ਕੇ ਉਸ ਨੇ ਬੱਚੇ ਦੀ ਲਾਸ਼ ਆਪਣੇ ਵਿਹੜੇ ਵਿੱਚ ਪੌੜੀਆਂ ਥੱਲੇ ਦਫ਼ਨਾ ਦਿੱਤਾ। ਮ੍ਰਿਤਕ ਮਹਿਲਾ ਜਸਬੀਰ ਕੌਰ ਦੀ ਲਾਸ਼ ਨੂੰ ਟਿਕਾਣੇ ਲਾਉਣ ਦੇ ਮਕਸਦ ਨਾਲ ਉਸ ਨੂੰ ਤਿੰਨ ਦਿਨਾਂ ਤਕ ਲੋਹੇ ਦੀ ਪੇਟੀ ਵਿੱਚ ਬੰਦ ਕਰਕੇ ਰੱਖਿਆ।

ਪ੍ਰੈਸ ਕਾਨਫਰੰਸ ਦੌਰਾਨ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਪੀ ਡੀ ਕੁਲਵੰਤ ਸਿੰਘ ਨੇ ਦੱਸਿਆ ਕਿ ਘਟਨਾ 27 ਤਾਰੀਖ਼ ਦੀ ਹੈ। ਮ੍ਰਿਤਕ ਮਹਿਲਾ ਜਸਬੀਰ ਕੌਰ ਆਪਣੇ ਘਰੋਂ ਨਿਕਲੀ ਤੇ ਵਾਪਸ ਨਹੀਂ ਆਈ। ਮੁਲਜ਼ਮ ਮਹਿਲਾ ਰਵਿੰਦਰ ਕੌਰ ਦੇ ਵਿਆਹ ਨੂੰ ਪੰਜ ਸਾਲ ਹੋ ਗਏ ਸੀ ਪਰ ਉਸ ਦੇ ਘਰ ਕੋਈ ਸੰਤਾਨ ਨਹੀਂ ਹੋ ਪਾਈ। ਔਲਾਦ ਪਾਉਣ ਲਈ ਰਵਿੰਦਰ ਕੌਰ ਤੇ ਉਸ ਦੇ ਸਹੁਰਿਆਂ ਨੇ ਤਾਂਤਰਿਕ ਦੇਵਾ ਨਾਲ ਸੰਪਰਕ ਕੀਤਾ। ਇਸ ਪਿੱਛੋਂ ਮੁਲਜ਼ਮਾਂ ਨੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਆਈਪੀਸੀ ਦੀ ਧਾਰਾ 302, 313, 316, 201 ਤੇ 120ਬੀ ਤਹਿਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।