Bathinda beauty Contest  : ਬਠਿੰਡਾ ਦੇ ਇੱਕ ਹੋਟਲ ਵਿੱਚ ਕਰਵਾਏ ਜਾਣ ਵਾਲੇ ਸੁੰਦਰਤਾ ਮੁਕਾਬਲੇ ਨੂੰ ਲੈ ਕੇ ਪੰਜਾਬ ਪੁਲੀਸ ਨੇ ਸਮਾਗਮ ਦੇ ਪ੍ਰਬੰਧਕਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਸੁੰਦਰਤਾ ਮੁਕਾਬਲੇ ਦੀ ਜੇਤੂ ਲੜਕੀ ਨੂੰ ਕੈਨੇਡੀਅਨ ਪੀਆਰ ਲੜਕੇ ਨਾਲ ਵਿਆਹ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਸ ਦੇ ਪੋਸਟਰ ਸ਼ਹਿਰ ਦੀਆਂ ਕੰਧਾਂ 'ਤੇ ਚਿਪਕਾਏ ਗਏ। ਜਿਸ ਦਾ ਸੋਸ਼ਲ ਮੀਡਿਆ 'ਤੇ ਕਾਫੀ ਵਿਰੋਧ ਕੀਤਾ ਗਿਆ।ਇਸ ਮਗਰੋਂ ਪੁਲਿਸ ਨੇ ਇਸ ਫਲੈਕਸ ਨੂੰ ਹਟਾ ਦਿੱਤਾ ਹੈ। 


 


ਦਰਅਸਲ 'ਚ ਵੀਰਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਪੋਸਟਰ ਵਾਇਰਲ ਹੋਇਆ ਸੀ। ਉਸ ਪੋਸਟਰ ਵਿੱਚ  ਸੁੰਦਰਤਾ ਮੁਕਾਬਲੇ ਬਾਰੇ ਲਿਖਿਆ ਗਿਆ ਸੀ। ਪੋਸਟਰ ਵਿੱਚ ਲਿਖਿਆ ਗਿਆ ਸੀ ਕਿ 23 ਅਕਤੂਬਰ ਨੂੰ ਹੋਟਲ ਸਵੀਟ ਮਿਲਾਨ ਵਿੱਚ ਕੁੜੀਆਂ ਦਾ ਸੁੰਦਰਤਾ ਮੁਕਾਬਲਾ ਰੱਖਿਆ ਗਿਆ ਹੈ। ਜੇਤੂ ਕੁੜੀ ਨੂੰ ਕੈਨੇਡਾ ਦੇ ਐਨਆਰਆਈ ਪੀਆਰ ਲੜਕੇ ਨਾਲ ਵਿਆਹ ਦੀ ਪੇਸ਼ਕਸ਼ ਕੀਤੀ ਜਾਵੇਗੀ। ਪੋਸਟਰ ਦੇ ਅੰਤ ਵਿੱਚ ਲਿਖਿਆ ਗਿਆ ਸੀ ਕਿ ਚਾਹਵਾਨ ਲੜਕੀਆਂ ਸੰਪਰਕ ਕਰਨ।

 


 

ਓਧਰ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਵਿਭਾਗ ਦੇ ਡਾਇਰੈਕਟਰ ਨੂੰ ਮਾਮਲੇ ਦੀ ਜਾਂਚ ਕਰਕੇ ਜਲਦੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਹਦਾਇਤ ਕੀਤੀ ਕਿ ਸੁੰਦਰਤਾ ਮੁਕਾਬਲਿਆਂ ਸਬੰਧੀ ਵਿਵਾਦਿਤ ਫਲੈਕਸ ਲਗਾਉਣ ਵਾਲਿਆਂ ਵਿਰੁੱਧ ਐਕਟ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬਠਿੰਡਾ ਵਿੱਚ ਲਗਾਏ ਗਏ ਫਲੈਕਸ ਦੀ ਸੂਚਨਾ ਸੋਸ਼ਲ ਮੀਡੀਆ ਰਾਹੀਂ ਮਿਲੀ ਸੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸੁੰਦਰਤਾ ਦੇ ਨਾਂ ’ਤੇ ਔਰਤਾਂ ਵਿੱਚ ਵਿਤਕਰੇ ਦੀ ਭਾਵਨਾ ਪੈਦਾ ਕਰ ਰਿਹਾ ਹੈ ਅਤੇ ਸਮਾਜ ਵਿੱਚ ਜਾਤ-ਪਾਤ ਨੂੰ ਵਧਾਵਾ ਦੇ ਰਿਹਾ ਹੈ। 


 

ਦੱਸ ਦੇਈਏ ਕਿ ਜਦੋਂ ਇਹ ਪੋਸਟਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਤਾਂ ਲੋਕਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਵੀਰਵਾਰ ਦੇਰ ਰਾਤ ਪੁਲਿਸ ਪ੍ਰਸ਼ਾਸਨ ਨੇ ਸਮਾਗਮ ਦੇ ਪ੍ਰਬੰਧਕ ਸੁਰਿੰਦਰ ਸਿੰਘ ਅਤੇ ਰਾਮ ਦਿਆਲ ਜੌੜਾ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।