ਬਠਿੰਡਾ: ਜ਼ਿਲ੍ਹਾ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਪਿਛਲੇ ਕਈ ਸਾਲਾਂ ਤੋਂ ਇੱਕ ਸਿੱਖ ਨੌਜਵਾਨ ਕੈਦ ਹੈ। ਮੁਹਾਲੀ ਪੁਲਿਸ ਵੱਲੋਂ ਹੁਣ ਇਸ 'ਤੇ ਇੱਕ ਮੁਕੱਦਮਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਉਸ ਦੇ ਪਾਕਿਸਤਾਨ ਨਾਲ ਤਾਰ ਜੁੜੇ ਹੋਣ ਦੀ ਗੱਲ ਕੀਤੀ ਗਈ ਹੈ। ਇਸ ਦੇ ਚੱਲਦੇ ਅੱਜ ਸਿੱਖ ਨੌਜਵਾਨ ਦੀ ਪਤਨੀ ਤੇ ਉਸ ਦੇ ਵਕੀਲਾਂ ਵੱਲੋਂ ਬਠਿੰਡਾ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ। ਨੌਜਵਾਨ ਦੇ ਪਰਿਵਾਰ ਨੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਗੰਭੀਰ ਇਲਜ਼ਾਮ ਲਾਏ।
ਸਿੱਖ ਨੌਜਵਾਨ ਰਮਨਦੀਪ ਸਿੰਘ ਉਰਫ ਸੰਨੀ ਵਾਸੀ ਬਠਿੰਡਾ ਉੱਪਰ ਮੁਹਾਲੀ ਪੁਲਿਸ ਵੱਲੋਂ ਬੀਤੀ 4-11-19 ਮਿਤੀ ਨੂੰ ਐਫਆਰਆਈ ਕੱਟੀ ਗਈ ਜਿਸ ਵਿੱਚ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਚਾਰ ਲੋਕਾਂ ਵਿੱਚ ਇੱਕ ਬਠਿੰਡਾ ਦਾ ਰਹਿਣ ਵਾਲਾ ਰਮਨਦੀਪ ਸਿੰਘ ਉਰਫ ਸੰਨੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਚਾਰ ਲੋਕ ਪਾਕਿਸਤਾਨ ਦੀ ਆਈਐਸਆਈ ਨਾਲ ਗੱਲਬਾਤ ਕਰਦੇ ਹਨ ਪਰ ਪਰਿਵਾਰ ਦਾ ਕਹਿਣਾ ਹੈ ਕਿ ਇਹ ਸਰਾਸਰ ਝੂਠ ਹੈ ਕਿਉਂਕਿ ਰਮਨਦੀਪ ਸਿੰਘ ਸੰਨੀ ਤਿੰਨ ਕਾਰਤੂਸ ਫੜੇ ਜਾਣ ਦੇ ਮਾਮਲੇ ਵਿੱਚ ਪਿਛਲੇ ਢਾਈ ਸਾਲਾਂ ਤੋਂ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ।
ਪਰਿਵਾਰ ਨੇ ਦੱਸਿਆ ਕਿ ਰਮਨਦੀਪ ਨੂੰ ਮਿਲਣ ਵਾਲਿਆਂ ਦੇ ਐਂਟਰੀ ਰਜਿਸਟਰ ਉੱਪਰ ਦਸਤਖ਼ਤ ਮੌਜੂਦ ਹੁੰਦੇ ਹਨ। ਪਿਛਲੇ ਢਾਈ ਸਾਲਾਂ ਤੋਂ ਉਸ ਦਾ ਕਿਸੇ ਵੀ ਨਾਲ ਮੇਲ ਨਹੀਂ ਹੋਇਆ ਤੇ ਨਾ ਹੀ ਇਹ FIR 'ਚ ਦਰਜ ਬਾਕੀ ਤਿੰਨ ਲੋਕਾਂ ਨੂੰ ਜਾਣਦਾ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਦੀ ਜੇਲ੍ਹ 'ਚ ਬੰਦ ਸੰਨੀ ਖਿਲਾਫ ਮੁਹਾਲੀ ਪੁਲਿਸ ਤੇ ਪੰਜਾਬ ਸਰਕਾਰ ਨੇ ਝੂਠਾ ਮੁਕੱਦਮਾ ਦਰਜ ਕੀਤਾ ਹੈ, ਉਸ ਨੂੰ ਤੁਰੰਤ ਰੱਦ ਕੀਤਾ ਜਾਵੇ। ਜੇ ਇਹ ਪਰਚਾ ਰੱਦ ਨਹੀਂ ਕੀਤਾ ਜਾਵੇਗਾ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਹਾਈ ਕੋਰਟ ਜਾਣਗੇ।
ਰਮਨਦੀਪ ਸਿੰਘ ਸੰਨੀ ਦੀ ਪਤਨੀ ਨੇ ਵੀ ਬਠਿੰਡਾ ਪੁਲਿਸ ਤੇ ਮੁਹਾਲੀ ਪੁਲਿਸ ਖ਼ਿਲਾਫ਼ ਗੰਭੀਰ ਇਲਜ਼ਾਮ ਲਾਏ। ਉਸ ਨੇ ਕਿਹਾ ਕਿ ਪਹਿਲਾਂ ਵੀ ਉਸ ਦੇ ਪਤੀ ਖਿਲਾਫ ਬਠਿੰਡਾ ਪੁਲਿਸ ਵੱਲੋਂ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਸੀ ਤੇ ਹੁਣ ਵੀ ਮੁਹਾਲੀ ਪੁਲਿਸ ਵੱਲੋਂ ਝੂਠਾ ਮੁਕੱਦਮਾ ਦਰਜ ਕੀਤਾ ਹੈ, ਜਿਸ ਵਿੱਚ ਉਸ ਦੇ ਤਾਰ ਪਾਕਿਸਤਾਨ ਨਾਲ ਜੋੜਨ ਦੀ ਗੱਲ ਕੀਤੀ ਗਈ ਹੈ।
ਉਸ ਨੇ ਦੱਸਿਆ ਕਿ ਰਮਨਦੀਪ ਸਿੰਘ ਨੇ ਜੇਲ੍ਹ ਵਿੱਚ ਹੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਜਿਸ ਲਈ ਅੱਜ ਪਹਿਲੇ ਦਿਨ ਸਵੇਰ ਤੋਂ ਉਹ ਭੁੱਖਾ ਬੈਠਾ ਹੈ। ਉਸ ਨੇ ਕਿਹਾ ਕਿ ਜੇਲ੍ਹ ਵਿੱਚ ਜੇ ਮੇਰੇ ਪਤੀ ਨੂੰ ਕੁਝ ਵੀ ਹੋਇਆ ਤਾਂ ਸਿੱਧੇ ਤੌਰ 'ਤੇ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਜ਼ਿੰਮੇਵਾਰ ਹੋਵੇਗੀ।