Punjab News: ਪੰਜਾਬ ਦੀਆਂ ਸੜਕਾਂ ਕਿਨਾਰੇ ਵਾਹਨ ਖੜ੍ਹਾ ਕਰਨਾ ਮਹਿੰਗਾ ਹੈ ਸਕਦਾ ਹੈ। ਅਜਿਹੀ ਕਰਨ 'ਤੇ ਟ੍ਰੈਫਿਕ ਪੁਲਿਸ ਤੁਹਾਡਾ ਚਲਾਨ ਕਰ ਸਕਦੀ ਹੈ। ਇਹ ਹੁਕਮ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਜਾਰੀ ਕੀਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਧੁੰਦ ਦੇ ਮੌਸਮ ਦੌਰਾਨ ਸੜਕਾਂ ਦੇ ਕਿਨਾਰੇ ਵਾਹਨ ਖੜ੍ਹੇ ਨਾ ਕੀਤੇ ਜਾਣ। 



ਹਾਸਲ ਜਾਣਕਾਰੀ ਟਰਾਂਸਪੋਰਟ ਮੰਤਰੀ ਭੁੱਲਰ ਨੇ ਧੁੰਦ ਦੇ ਮੌਸਮ ਦੌਰਾਨ ਹਾਦਸਿਆਂ ਦਾ ਕਾਰਨ ਬਣ ਰਹੇ ਸੜਕਾਂ ’ਤੇ ਖੜ੍ਹੇ ਵਾਹਨਾਂ ਦੇ ਚਲਾਨ ਕਰਨ ਦੇ ਹੁਕਮ ਦਿੱਤੇ ਹਨ। ਇਹ ਹੁਕਮ ਮੰਤਰੀ ਭੁੱਲਰ ਨੇ ਚੰਡੀਗੜ੍ਹ ਵਿੱਚ ਸੜਕ ਸੁਰੱਖਿਆ ਹਫ਼ਤੇ ਦੀ ਸ਼ੁਰੂਆਤ ਕਰਦਿਆਂ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਵੱਡੇ ਤੇ ਘਾਤਕ ਸੜਕ ਹਾਦਸੇ ਦਸੰਬਰ ਤੋਂ ਫਰਵਰੀ ਤੱਕ ਧੁੰਦ ਦੇ ਮੌਸਮ ਦੌਰਾਨ ਵਾਪਰਦੇ ਹਨ। ਇਨ੍ਹਾਂ ਨੂੰ ਘਟਾਉਣ ਲਈ ਵਿਸ਼ੇਸ਼ ਮੁਹਿੰਮ ਦੀ ਲੋੜ ਹੈ। 


ਟਰਾਂਸਪੋਰਟ ਮੰਤਰੀ ਨੇ ਸੜਕ ਹਾਦਸਿਆਂ ਵਿੱਚ ਮੌਤ ਦਰ ਘਟਾਉਣ ਲਈ ਸਮੂਹ ਸਬੰਧਤ ਧਿਰਾਂ ਨੂੰ ਹੰਭਲਾ ਮਾਰਨ ਦਾ ਸੱਦਾ ਦਿੱਤਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਰੋਡ ਐਕਸੀਡੈਂਟ ਰਿਪੋਰਟ-2021 ਅਨੁਸਾਰ ਸੂਬੇ ਵਿੱਚ ਸੜਕ ਹਾਦਸਿਆਂ ਵਿੱਚ ਲਗਪਗ 4,589 ਲੋਕਾਂ ਦੀ ਮੌਤ ਹੋਈ। ਕੁੱਲ ਸੜਕ ਹਾਦਸਿਆਂ ਵਿੱਚੋਂ 72 ਫ਼ੀਸਦੀ ਕੌਮੀ ਅਤੇ ਰਾਜ ਮਾਰਗਾਂ ’ਤੇ ਹੁੰਦੇ ਹਨ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ 11 ਤੋਂ 17 ਜਨਵਰੀ ਤੱਕ ਸੂਬੇ ਭਰ ਵਿੱਚ ਸੜਕ ਸੁਰੱਖਿਆ ਹਫ਼ਤਾ ਮਨਾਇਆ ਜਾਵੇਗਾ।


ਪੰਜਾਬ 'ਚ ਸੜਕ ਸੁਰੱਖਿਆ ਹਫ਼ਤੇ ਦੀ ਸ਼ੁਰੂਆਤ


ਸੂਬੇ ਵਿੱਚ ਸੜਕ ਸੁਰੱਖਿਆ ਹਫ਼ਤੇ ਦੀ ਸ਼ੁਰੂਆਤ ਕਰਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੜਕ ਹਾਦਸਿਆਂ ਵਿੱਚ ਮੌਤ ਦਰ ਘਟਾਉਣ ਲਈ ਸਮੂਹ ਸਬੰਧਤ ਧਿਰਾਂ ਨੂੰ ਜ਼ੋਰਦਾਰ ਹੰਭਲਾ ਮਾਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਹਾਦਸਿਆਂ ਵਿੱਚ ਅਜਾਈਂ ਜਾ ਰਹੀਆਂ ਮੌਤਾਂ ਨੂੰ ਰੋਕਣ ਲਈ ਸਬੰਧਤ ਵਿਭਾਗਾਂ, ਸਮਾਜ ਸੇਵੀ ਸੰਸਥਾਵਾਂ ਅਤੇ ਖ਼ਾਸਕਰ ਰਾਹਗੀਰਾਂ ਨੂੰ ਜ਼ਿੰਮੇਵਾਰੀ ਨਾਲ ਆਪਣੀ ਭੂਮਿਕਾ ਨਿਭਾਉਣੀ ਪਵੇਗੀ ਅਤੇ ਇੱਕ ਹਫ਼ਤੇ ਦੀ ਬਜਾਏ ਸਾਰਾ ਸਾਲ ਖ਼ੁਦ ਨੂੰ ਸੜਕ ਸੁਰੱਖਿਆ ਨੂੰ ਸਮਰਪਿਤ ਕਰਨਾ ਪਵੇਗਾ।

ਸੜਕੀ ਆਵਾਜਾਈ ਤੇ ਰਾਜ-ਮਾਰਗ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 11 ਤੋਂ 17 ਜਨਵਰੀ, 2023 ਤੱਕ ਸੜਕ ਸੁਰੱਖਿਆ ਹਫ਼ਤਾ ਮਨਾਉਣ ਦੇ ਫ਼ੈਸਲੇ ਤਹਿਤ ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਵੱਲੋਂ ਉਲੀਕੇ ਪ੍ਰੋਗਰਾਮ ਦਾ ਆਗ਼ਾਜ਼ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਜ਼ਿਆਦਾਤਰ ਵੱਡੇ ਅਤੇ ਘਾਤਕ ਸੜਕ ਹਾਦਸੇ ਦਸੰਬਰ ਤੋਂ ਫ਼ਰਵਰੀ ਤੱਕ ਧੁੰਦ ਦੇ ਮੌਸਮ ਦੌਰਾਨ ਵਾਪਰਦੇ ਹਨ, ਜਿਨ੍ਹਾਂ ਨੂੰ ਘਟਾਉਣਾ ਵੱਡੀ ਚੁਣੌਤੀ ਹੈ ਅਤੇ ਇਸ ਲਈ ਵਿਸ਼ੇਸ਼ ਮੁਹਿੰਮ ਦੀ ਲੋੜ ਹੈ। ਉਨ੍ਹਾਂ ਟ੍ਰੈਫ਼ਿਕ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਧੁੰਦ ਦੇ ਮੌਸਮ ਦੌਰਾਨ ਹਾਦਸਿਆਂ ਦਾ ਕਾਰਨ ਬਣ ਰਹੇ ਸੜਕਾਂ 'ਤੇ ਖੜ੍ਹੇ ਵੱਡੇ ਵਾਹਨਾਂ ਦੇ ਚਲਾਨ ਕੀਤੇ ਜਾਣ।