Punjab Weather Report: ਇਸ ਵਾਰ ਮੌਸਮ ਸਭ ਨੂੰ ਹੈਰਾਨ ਕਰ ਰਿਹਾ ਹੈ। ਏਸੀ ਚਲਾਉਣ ਵਾਲੇ ਮੌਸਮ ਵਿੱਚ ਲੋਕ ਰਾਤ ਨੂੰ ਕੰਬਲ ਲੈ ਕੇ ਸੌਣ ਲਈ ਮਜਬੂਰ ਹੋ ਗਏ ਹਨ। ਅਹਿਮ ਗੱਲ ਹੈ ਕਿ ਇਸ ਵਾਰ ਮਈ ਮਹੀਨੇ ਪਏ ਮੀਂਹ ਨੇ ਪਿਛਲੇ 11 ਸਾਲਾਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਮੌਸਮ ਵਿਭਾਗ ਮੁਤਾਬਕ ਐਤਕੀਂ ਪਿਛਲੇ 11 ਸਾਲਾਂ ਦੇ ਮੁਕਾਬਲੇ 161 ਫ਼ੀਸਦੀ ਵੱਧ ਮੀਂਹ ਪਿਆ, ਜਿਸ ਕਰਕੇ ਜੇਠ ਮਹੀਨੇ ਵਿੱਚ ਤਾਪਮਾਨ ਆਮ ਨਾਲੋਂ ਵੀ ਹੇਠਾਂ ਰਿਹਾ ਹੈ। 


ਮੌਸਮ ਵਿਭਾਗ ਅਨੁਸਾਰ ਮਈ ਮਹੀਨੇ ’ਚ ਪਿਛਲੇ 11 ਸਾਲਾਂ ਵਿੱਚੋਂ ਸਾਲ 2013 ਵਿੱਚ ਸਭ ਤੋਂ ਘੱਟ 3.8 ਐਮਐਮ ਮੀਂਹ ਪਿਆ। ਸਾਲ 2014 ’ਚ 21.5, ਸਾਲ 2015 ’ਚ 17.6, ਸਾਲ 2016 ’ਚ 26.3, ਸਾਲ 2017 ’ਚ 12.7, ਸਾਲ 2018 ’ਚ 7.2, ਸਾਲ 2019 ’ਚ 20.6, ਸਾਲ 2020 ’ਚ 29.1, ਸਾਲ 2021 ’ਚ 25, ਸਾਲ 2022 ’ਚ 20.1 ਤੇ ਸਾਲ 2023 ’ਚ 45.2 ਐਮਐਮ ਮੀਂਹ ਪਿਆ ਹੈ।



ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਪੰਜਾਬ ਤੇ ਹਰਿਆਣਾ ਵਿੱਚ ਬੁੱਧਵਾਰ ਨੂੰ ਮੀਂਹ ਪੈਣ ਕਾਰਨ ਤਾਪਮਾਨ ਵਿੱਚ ਕਮੀ ਆਈ ਹੈ। ਪੰਜਾਬ ਵਿੱਚ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਬਠਿੰਡਾ, ਗੁਰਦਾਸਪੁਰ, ਰੂਪਨਗਰ, ਹੁਸ਼ਿਆਰਪੁਰ ਤੇ ਮੁਹਾਲੀ ਸਣੇ ਹਰਿਆਣਾ ਦੇ ਹਿਸਾਰ, ਕਰਨਾਲ, ਰੋਹਤਕ ਤੇ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਮੀਂਹ ਪਿਆ ਹੈ। 



ਮੌਸਮ ਵਿਭਾਗ ਨੇ ਸੂਬੇ ’ਚ ਅੱਜ ਵੀ ਮੀਂਹ ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਇਸ ਸਾਲ ਸੂਬੇ ’ਚ 1 ਤੋਂ 31 ਮਈ ਤੱਕ ਔਸਤਨ 45.2 ਐਮਐਮ ਮੀਂਹ ਪਿਆ ਹੈ। ਰੂਪਨਗਰ ਸ਼ਹਿਰ ’ਚ ਸਭ ਤੋਂ ਨਾਲੋਂ ਵੱਧ 100.1 ਐਮਐਮ ਮੀਂਹ ਦਰਜ ਕੀਤਾ ਹੈ।


ਮੌਸਮ ਵਿਗਿਆਨੀਆਂ ਨੇ ਕਿਹਾ ਕਿ ਇਸ ਸਾਲ ਵੱਧ ਮੀਂਹ ਪੈਣ ਦਾ ਕਾਰਨ ਵਾਤਾਵਰਨ ’ਚ ਪੱਛਮੀ ਵਿਗਾੜ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਧੇਗਾ। ਮੀਂਹ ਨਾਲ ਸੂਬੇ ਦਾ ਤਾਪਮਾਨ ਆਮ ਨਾਲੋਂ 13 ਤੋਂ 15 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ ਹੈ। ਸੂਬੇ ਦੇ ਨਵਾਂ ਸ਼ਹਿਰ ’ਚ ਸਭ ਤੋਂ ਘੱਟ ਤਾਪਮਾਨ 24.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਲੁਧਿਆਣਾ ਦਾ ਤਾਪਮਾਨ ਸਭ ਤੋਂ ਵੱਧ 28.2 ਡਿਗਰੀ ਸੈਲਸੀਅਸ ਰਿਹਾ।