Faridkot News : ਪਿਛਲੇ ਕਰੀਬ ਇਕ ਸਾਲ ਪੰਜ ਮਹੀਨੇ ਤੋਂ ਬਹਿਬਲ ਵਿਖੇ ਬੇਅਦਬੀ ਮਾਮਲਿਆਂ ਅਤੇ ਇਸ ਨਾਲ ਜੁੜੇ ਕੋਟਕਪੂਰਾ ਅਤੇ ਬਹਿਬਲ ਗੋਲੀਕਾਂਡ ਮਾਮਲਿਆਂ ਨੂੰ ਲੈ ਕੇ ਇਨਸਾਫ ਦੀ ਮੰਗ ਵਜੋਂ ਇਨਸਾਫ਼ ਮੋਰਚਾ ਚੱਲ ਰਿਹਾ ਹੈ। ਪਿਛਲੇ ਦਿਨੀ ਕੋਟਕਪੂਰਾ ਗੋਲੀਕਾਂਡ ਮਾਮਲੇ ਨੂੰ ਲੈ ਕੇ ਸਾਰੇ ਦੋਸ਼ੀਆਂ ਖਿਲਾਫ ਚਲਾਣ ਫਰੀਦਕੋਟ ਦੀ ਅਦਾਲਤ 'ਚ ਪੇਸ਼ ਹੋਣ ਤੋਂ ਬਾਅਦ ਕਿਤੇ ਨਾ ਕਿਤੇ ਸਿੱਖ ਜਥੇਬੰਦੀਆਂ ਨੂੰ ਇਨਸਾਫ ਦੀ ਆਸ ਬੁਝੀ ਸੀ। 

 

ਜਿਸਦੇ ਚੱਲਦੇ ਅੱਜ ਬਹਿਬਲ ਇਨਸਾਫ ਮੋਰਚਾ ਵੱਲੋਂ ਸ਼ੁਕਰਾਨੇ ਦਾ ਸਮਾਗਮ ਕਰਵਾਇਆ ਗਿਆ ਸੀ। ਇਸ ਸਮਾਗਮ 'ਚ ਜਿਥੇ ਵੱਖ -ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ,ਉਥੇ ਪੰਜਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇਸ ਸ਼ੁਕਰਾਨਾ ਸਮਾਗਮ 'ਚ ਪੁੱਜੇ। ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜੋ ਵਾਅਦਾ ਅਸੀਂ ਮੋਰਚੇ ਨਾਲ ਕਰਕੇ ਗਏ ਸੀ, ਉਸ ਨੂੰ ਸਮਾਂ ਜਰੂਰ ਲੱਗਾ ਪਰ ਪੂਰਾ ਕਰ ਵਿਖਾਇਆ ,ਹੁਣ ਅਦਾਲਤਾਂ ਦਾ ਕੰਮ ਹੈ ਇਨਸਾਫ ਕਰਨਾ।


 

ਉਧਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਕੋਟਕਪੂਰਾ ਗੋਲੀਕਾਂਡ ਮਾਮਲੇ ਸਬੰਧੀ ਸਾਰੇ ਆਰੋਪੀਆਂ ਖਿਲਾਫ਼ ਚਲਾਣ ਪੇਸ਼ ਕੀਤੇ ਜਾ ਚੁੱਕੇ ਹਨ ਅਤੇ ਬਹਿਬਲ ਗੋਲੀਕਾਂਡ ਮਾਮਲੇ 'ਚ ਵੀ ਜਲਦ ਚਲਾਨ ਅਦਾਲਤ 'ਚ ਪੇਸ਼ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੀਐਮ ਭਗਵੰਤ ਮਾਨ ਵੱਲੋਂ  ਪੂਰਾ ਭਰੋਸਾ ਦਿੱਤਾ ਗਿਆ ਹੈ ਕਿ ਬੇਅਦਬੀ ਦੇ ਮਾਮਲਿਆਂ 'ਚ ਅਦਾਲਤਾਂ 'ਚ ਪੈਰਵਾਈ ਕਰਨ ਲਈ ਜੇ ਲੋੜ ਪਈ ਤਾਂ ਸੁਪਰੀਮ ਕੋਰਟ ਤੋਂ ਵੀ ਵਕੀਲ ਖੜੇ ਕੀਤੇ ਜਾਣਗੇ ਅਤੇ ਇਨਸਾਫ ਜਰੂਰ ਹੋਵੇਗਾ ,ਜੋ ਵੀ ਦੋਸ਼ੀ ਹੋਣਗੇ ,ਕਨੂੰਨ ਮੁਤਬਿਕ ਸਜ਼ਾਵਾਂ ਮਿਲਣਗੀਆਂ।

 


 

ਉੱਧਰ ਸੁਖਰਾਜ ਸਿੰਘ ਨੇ ਦੱਸਿਆ ਕਿ ਇਨਸਾਫ ਮੋਰਚਾ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ ,ਜਦੋਂ ਤੱਕ ਬਹਿਬਲ ਗੋਲੀਕਾਂਡ ਮਾਮਲੇ 'ਚ ਚਲਾਣ ਪੇਸ਼ ਨਹੀਂ ਹੁੰਦਾ ,ਉਸ ਤੋਂ ਬਾਅਦ ਫੈਸਲਾ ਲੈ ਕੇ ਮੋਰਚਾ ਖਤਮ ਕਰਨ ਦਾ ਐਲਾਨ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੱਲ ਇਨਸਾਫ ਮੋਰਚਾ ਤੋਂ ਕਾਫਲਾ ਸ੍ਰੀ ਅੰਮ੍ਰਿਤਸਰ ਸਾਹਿਬ  ,ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਸ਼ੁਕਰਾਨੇ ਦੀ ਅਰਦਾਸ ਕੀਤੀ ਜਾਵੇਗੀ।