Farmer Protest: ਕਿਸਾਨਾਂ ਦੇ ਦਿੱਲੀ ਕੂਚ ਦੇ ਪ੍ਰੋਗਰਾਮ ਤੋਂ ਪਹਿਲਾਂ ਕੇਂਦਰ ਦੇ ਮੰਤਰੀਆਂ ਦੇ ਕਿਸਾਨਾਂ ਵਿਚਾਲੇ ਮੀਟਿੰਗ ਹੋਈ ਹੈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਸ਼ਾਮਲ ਸਨ। ਇਸ ਮੀਟਿੰਗ ਵਿੱਚ ਕਈ ਮੰਗਾਂ ਨੂੰ ਲੈ ਕੇ ਸਹਿਮਤੀ ਬਣੀ ਹੈ ਪਰ ਕਿਸਾਨ ਹਾਲੇ ਤੱਕ ਆਪਣੇ ਦਿੱਲੀ ਕੂਚ ਦੇ ਪ੍ਰੋਗਰਾਮ ਉੱਤੇ ਅੜੇ ਹੋਏ ਹਨ। ਇਸ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਿਸਾਨਾਂ ਨਾਲ ਮੀਟਿੰਗ ਵਧੀਆ ਮਾਹੌਲ ਵਿੱਚ ਹੋਈ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਮਰਥਣ ਮੁੱਲ ਦੇਣ ਦੇ ਮੰਗ ਕਿਸਾਨਾਂ ਦੀ ਪੁਰਾਣੀ ਹੈ ਤੇ ਮੋਦੀ ਸਰਕਾਰ ਨੇ ਇਸ ਦੀ ਗਾਰੰਟੀ ਵੀ ਦਿੱਤੀ ਹੈ। ਮਾਨ ਨੇ ਕਿਹਾ ਕਿ ਇਹ ਵਧੀਆ ਵਰਤਾਰਾ ਹੈ ਕਿ ਧਰਨਾ ਲਾਉਣ ਤੋਂ ਪਹਿਲਾਂ ਆਪਣੀਆਂ ਮੰਗਾਂ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਜਾਣ। ਮਾਨ ਨੇ ਕਿਹਾ ਕਿ ਇਸ ਵਿੱਚ ਕਿਸਾਨਾਂ ਨੂੰ ਹੋਰ ਫ਼ਸਲਾਂ ਉੱਤੇ ਸਮਰਥਣ ਮੁੱਲ ਦੇਣ ਦੀ ਮੰਗ ਵੀ ਰੱਖੀ ਗਈ ਹੈ।
MSP ਨੂੰ ਲੈਕੇ ਵੀ ਵਧੀਆ ਮਾਹੌਲ 'ਚ ਚਰਚਾ ਹੋਈ...ਅਸੀਂ ਧਰਨੇ ਲਗਾਉਣ ਦੀ ਬਜਾਏ ਬੈਠ ਕੇ ਗੱਲਬਾਤ ਕਰਨ ਨੂੰ ਪਹਿਲ ਦੇਣਾ ਚਾਹੁੰਦੇ ਹਾਂ... ਪਰਾਲ਼ੀ ਫੂਕਣ 'ਤੇ ਪਰਚੇ ਕਰਨ ਦੀ ਥਾਂ ਸਾਡੇ ਕਿਸਾਨਾਂ ਨੂੰ ਦਾਲਾਂ ਉਗਾਉਣ ਦੇ ਮੌਕੇ ਦੇਣ ਬਾਰੇ ਵੀ ਕਿਹਾ, ਜਿਸ ਨਾਲ ਸਾਡਾ ਪਾਣੀ ਤੇ ਵਾਤਾਵਰਣ ਦੋਨੋਂ ਬੱਚ ਜਾਣਗੇ...
ਮਾਨ ਨੇ ਕਿਹਾ ਕਿ ਕਿਸਾਨਾਂ ਦੀਆਂ ਕੇਂਦਰ ਤੋਂ ਮੰਗਾਂ ਨੂੰ ਲੈਕੇ ਹੋਈ ਮੀਟਿੰਗ 'ਚ ਮੈਂ ਮੁੱਖ ਮੰਤਰੀ ਹੋਣ ਦੇ ਨਾਤੇ ਕਿਸਾਨਾਂ ਦਾ ਵਕੀਲ ਬਣ ਕੇ ਪੱਖ ਰੱਖਿਆ।ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਲਈ ਮੁੜ ਤੋਂ ਟਰੈਕਟਰ ਲੈਕੇ ਬੈਰੀਕੇਡਾਂ ਦਾ ਸਾਹਮਣਾ ਕਰਨ।
ਕੇਂਦਰ ਸਰਕਾਰ ਦੇ ਸਖ਼ਤ ਰਵੱਈਏ ਦੇ ਬਾਵਜੂਦ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਲਈ ਕਮਰ ਕੱਸ ਲਈ ਹੈ। ਕਿਸਾਨ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਸਰਕਾਰ ਜਿੰਨੀਆਂ ਮਰਜ਼ੀ ਰੋਕਾਂ ਲਾ ਲਵੇ, ਉਹ ਦਿੱਲੀ ਪਹੁੰਚ ਕੇ ਹੀ ਰਹਿਣਗੇ। ਕੇਂਦਰੀ ਮੰਤਰੀਆਂ ਨਾਲ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਕਿਸਾਨ ਐਕਸ਼ਨ ਮੋਡ ਵਿੱਚ (Farmer in action mode) ਆ ਗਏ ਹਨ।
ਹਾਸਲ ਜਾਣਕਾਰੀ ਮੁਤਾਬਕ ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਦਾ ਮੋਰਚਾ 13 ਫਰਵਰੀ ਨੂੰ ਸ਼ੰਭੂ, ਡੱਬਵਾਲੀ ਤੇ ਸੰਗਰੂਰ ਨੇੜੇ ਖਨੌਰੀ ਸਰਹੱਦ ਤੋਂ ਦਿੱਲੀ ਵੱਲ ਕੂਚ ਕਰੇਗਾ। ਇਸ ਲਈ ਪਿੰਡ ਪੱਧਰ ’ਤੇ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਦਿੱਲੀ ਪੁੱਜਣ ਲਈ ਕਿਹਾ ਜਾ ਰਿਹਾ ਹੈ। ਇੱਕ ਵੱਡੀ ਕਿਸਾਨ ਲਹਿਰ ਖੜ੍ਹੀ ਕਰਨ ਦੇ ਇਰਾਦੇ ਨਾਲ ਪਿੰਡ-ਪਿੰਡ ਜਾ ਕੇ ਰਾਸ਼ਨ, ਫੰਡ ਤੇ ਹੋਰ ਜ਼ਰੂਰੀ ਵਸਤਾਂ ਤਰਪਾਲਾਂ, ਟਰਾਲੀਆਂ ਆਦਿ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਇਸ ਅੰਦੋਲਨ ਵਿੱਚ ਔਰਤਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਹੋਵੇਗੀ।