Punjab Budget: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਨੂੰ ਲੋਕਪੱਖੀ ਦੱਸਦਿਆਂ ਦਾਅਵਾ ਕੀਤਾ ਕਿ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਪਾਰਟੀ ਵੱਲੋਂ ਦਿੱਤੀਆਂ 85 ਫੀਸਦੀ ਗਾਰੰਟੀਆਂ ਨੂੰ ਪੂਰਾ ਕਰ ਦਿੱਤਾ ਹੈ। ਪੰਜਾਬ ਸਰਕਾਰ ਦਾ ਤੀਜਾ ਬਜਟ ਪੇਸ਼ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਅੱਜ ਦੇ ਬਜਟ ਵਿੱਚ ਕਿਸੇ ਕਿਸਮ ਦਾ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ। 


ਉਨ੍ਹਾਂ ਨੇ ਕਿਹਾ ਕਿ ਇਹ ਬਜਟ ਲੋਕਾਂ ਦੇ ਹੱਕ ਵਿੱਚ ਹੈ। ਇਸ ਵਿੱਚ ਪੰਜਾਬ ਦੇ ਸਿੱਖਿਆ, ਮੈਡੀਕਲ, ਖੇਤੀਬਾੜੀ ਤੇ ਬੁਨਿਆਦੀ ਢਾਂਚੇ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਵਿੱਚ ਦਿੱਤੀਆਂ 85 ਫੀਸਦੀ ਗਾਰੰਟੀਆਂ ਨੂੰ ਪੂਰਾ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਵੱਡੀ ਗਾਰੰਟੀ ਬਾਕੀ ਹੈ ਤੇ ਉਹ ਵੀ ਜਲਦੀ ਹੀ ਪੂਰੀ ਕਰ ਦਿੱਤੀ ਜਾਵੇਗੀ। ਹਾਲਾਂਕਿ, ਉਨ੍ਹਾਂ ਇਸ ਗਾਰੰਟੀ ਦਾ ਨਾਮ ਨਹੀਂ ਲਿਆ। 



ਵਿੱਤ ਮੰਤਰੀ ਨੇ ਵਿਧਾਨ ਸਭਾ ਵਿੱਚ 1.20 ਘੰਟੇ ਤੱਕ ਚੱਲੇ ਭਾਸ਼ਣ ਵਿੱਚ ਸਰਕਾਰ ਦੀਆਂ ਯੋਜਨਾਵਾਂ ਬਾਰੇ ਦੱਸਿਆ। ਉਨ੍ਹਾਂ ਨੇ 1080 ਕਰੋੜ ਰੁਪਏ ਵਿੱਚ ਖਰੀਦੇ ਗਏ ਥਰਮਲ ਪਲਾਂਟ ਨੂੰ ਸਰਕਾਰ ਦੀ ਪ੍ਰਾਪਤੀ ਦੱਸਿਆ। ਉਨ੍ਹਾਂ ਦੱਸਿਆ ਕਿ ਖੁਰਾਕ ਸਪਲਾਈ ਲਈ 1072 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਹਰ ਘਰ ਤੱਕ ਰਾਸ਼ਨ ਪਹੁੰਚਾਉਣ ਲਈ 250 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। 800 ਮਾਡਲ ਵਾਜਬ ਕੀਮਤ ਦੀਆਂ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਹਨ। ਉਨ੍ਹਾਂ ਦੀ ਸਰਕਾਰ ਨੇ ਅਸਲ ਕਰਜ਼ਾ ਘਟਾ ਦਿੱਤਾ ਹੈ। ਇਸ 'ਚ ਚਾਰ ਫੀਸਦੀ ਤੱਕ ਦੀ ਕਮੀ ਆਈ ਹੈ।


ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਉਹ ਵੱਖ-ਵੱਖ ਵਿਭਾਗਾਂ ਦੀ ਟੈਕਸ ਚੋਰੀ ਨੂੰ ਰੋਕ ਕੇ ਮਾਲੀਆ ਵਧਾਇਆ ਹੈ। ਜੀਐਸਟੀ ਤੇ ਐਕਸਾਈਜ਼ ਵਿੱਛ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਮੀਡੀਆ ਨੂੰ ਅਕਾਲੀ-ਭਾਜਪਾ ਤੇ ਕਾਂਗਰਸ ਦੇ ਸਮੇਂ ਦੇ ਅੰਕੜੇ ਵੀ ਦੱਸੇ। ਉਨ੍ਹਾਂ ਨੇ ਕਿਹਾ ਕਿ ਪਿਛਲੀ ਸਰਕਾਰ ਸਮੇਂ ਜੀਐਸਟੀ ਘੱਟ ਸੀ, ਪਰ ਸਾਡੀ ਸਰਕਾਰ ਦੇ ਸਮੇਂ ਵਿੱਚ ਇਸ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।



ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ ਅੱਜ ਦੇ ਬਜਟ ਨੂੰ ਖੋਖਲਾ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਜਟ ਵਿੱਚ ਕੁਝ ਵੀ ਨਵਾਂ ਨਹੀਂ। ਸਰਕਾਰ ਨੇ ਸੂਬੇ ਨੂੰ ਕਰਜ਼ੇ ਵਿੱਚ ਡੁਬੋ ਦਿੱਤਾ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਬਜਟ ਵਿੱਚ ਕੁਝ ਵੀ ਨਵਾਂ ਨਹੀਂ। ਇਸ ਸਰਕਾਰ ਕਾਰਨ ਸੂਬਾ ਕਰਜ਼ੇ ਵਿੱਚ ਡੁੱਬ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਕਰਜ਼ਾ 2 ਸਾਲਾਂ 'ਚ 67 ਹਜ਼ਾਰ ਕਰੋੜ ਰੁਪਏ ਵਧਿਆ ਹੈ। ਹਿਮਾਚਲ ਤੇ ਗੁਜਰਾਤ ਚੋਣਾਂ ਸਮੇਂ ਪੁਰਾਣੀ ਪੈਨਸ਼ਨ ਸਕੀਮ ਦਾ ਐਲਾਨ ਕੀਤਾ ਗਿਆ ਸੀ, ਪਰ ਅਜੇ ਤੱਕ ਕੁਝ ਨਹੀਂ ਦਿੱਤਾ ਗਿਆ। ਔਰਤਾਂ ਨੂੰ ਨਕਦ ਰਾਸ਼ੀ ਦੇਣ ਦਾ ਐਲਾਨ ਵੀ ਹਵਾ ਵਿੱਚ ਹੈ।