Punjab government took a loan - ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੰਜਾਬ ਸਰਕਾਰ ਦੇ ਕਰਜ਼ੇ ਦੇ ਵੇਰਵੇ ਮੰਗੇ ਹਨ। ਉਨ੍ਹਾਂ ਨੇ ਪੱਤਰ ਲਿਖ ਕੇ ਸੀਐਮ ਮਾਨ ਤੋਂ ਪੈਸੇ ਦੀ ਸਹੀ ਵਰਤੋਂ ਦਾ ਵੇਰਵਾ ਮੰਗਿਆ ਹੈ। ਰਾਜਪਾਲ ਨੇ ਮੁੱਖ ਮੰਤਰੀ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਪੰਜਾਬ ਸਿਰ 50,000 ਕਰੋੜ ਰੁਪਏ ਦੇ ਕਰਜ਼ੇ ਦੇ ਵਧਣ ਦਾ ਵੇਰਵਾ ਦੇਣ ਲਈ ਕਿਹਾ ਹੈ ਤਾਂ ਜੋ ਉਹ ਪ੍ਰਧਾਨ ਮੰਤਰੀ ਨੂੰ ਦੱਸ ਸਕਣ ਕਿ ਸਾਰੇ ਪੈਸੇ ਦੀ ਸਹੀ ਵਰਤੋਂ ਕੀਤੀ ਗਈ ਹੈ।


ਇਸ ਮੁੱਦੇ 'ਤੇ ਸਵਾਲ ਖੜ੍ਹੇ ਕਰਦੇ ਹੋਏ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ - ''ਪੰਜਾਬ ਦੇ ਰਾਜਪਾਲ ਨੇ ਪੁਸ਼ਟੀ ਕੀਤੀ ਕਿ ਕਿਵੇਂ ਭਗਵੰਤ ਮਾਨ ਅਤੇ ਕੇਜਰੀਵਾਲ ਨੇ ਸਿਰਫ 18 ਮਹੀਨਿਆਂ ਵਿੱਚ 50,000 ਕਰੋੜ ਦਾ ਕਰਜ਼ਾ ਲਿਆ! ਕੇਜਰੀਵਾਲ ਅਤੇ ਭਗਵੰਤ ਮਾਨ ਦੇ ਪ੍ਰਚਾਰ 'ਤੇ ਖਰਚੇ ਤੋਂ ਇਲਾਵਾ ਪੰਜਾਬ ਵਿੱਚ ਕੋਈ ਵਿਕਾਸ ਕਾਰਜ ਹੋਇਆ ਦੇਖਿਆ ਨਹੀਂ  ਜਾ ਸਕਦਾ।


 3 ਮਹੀਨੇ ਬਾਅਦ ਵੀ ਕਿਸਾਨ ਹੜ੍ਹਾਂ ਨਾਲ ਬਰਬਾਦ ਹੋਈਆਂ ਫਸਲਾਂ ਦੇ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ, ਔਰਤਾਂ  ਸਰਕਾਰ ਦੇ 18 ਮਹੀਨੇ ਬੀਤ ਜਾਣ ਬਾਅਦ ਅਜੇ ਵੀ ਆਪਣੀ 1000 ਰੁ : ਪ੍ਰਤੀ ਮਹੀਨਾ ਵਾਲੀ ਗਾਰੰਟੀ ਦੀ ਉਡੀਕ ਕਰ ਰਹੀਆਂ ਹਨ, ਜਦ ਕਿ ਬਜ਼ੁਰਗ ਮਹੀਨੇ ਦੀ 2500/- ਪੈਨਸ਼ਨ ਦੀ ਉਡੀਕ ਕਰ ਰਹੇ ਹਨ। 


ਕੇਜਰੀਵਾਲ ਅਤੇ ਭਗਵੰਤ ਮਾਨ ਨੇ ਜੋ ਦਾਅਵਾ ਕੀਤਾ ਸੀ ਕਿ ਉਹ ਰੇਤ ਦੀ ਖੁਦਾਈ ਅਤੇ ਭ੍ਰਿਸ਼ਟਾਚਾਰ ਤੋਂ 30,000 ਕਰੋੜ ਰੁਪਏ ਬਚਾਉਣਗੇ, ਜਨਤਾ ਜਾਨਣਾ ਚਾਹੁੰਦੀ ਹੈ ਕਿ ਉਹ ਪੈਸੇ ਕਿੱਥੇ ਹਨ? ਲਾਹਣਤ ਹੈ ਭਗਵੰਤ ਮਾਨ 'ਤੇ ਜੋ ਆਪਣੀ ਮੁੱਖ ਮੰਤਰੀ ਦੀ ਕੁਰਸੀ ਬਚਾਉਣ ਲਈ ਆਪਣੇ ਆਕਾ ਕੇਜਰੀਵਾਲ ਨੂੰ ਖੁਸ਼ ਕਰਨ ਲਈ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ 'ਤੇ ਨੂੰ ਕਰਜ਼ੇ ਹੇਠ ਦੱਬ ਰਿਹਾ ਹੈ !!



ਦਰਅਸਲ, ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਪੱਤਰ ਲਿਖ ਕੇ ਕੇਂਦਰ ਸਰਕਾਰ ਤੋਂ ਸੂਬਾ ਸਰਕਾਰ ਦੇ ਪੇਂਡੂ ਵਿਕਾਸ ਫੰਡ ਦੇ 5637 ਕਰੋੜ ਰੁਪਏ ਲੈਣ ਲਈ ਦਖਲ ਦੇਣ ਦੀ ਬੇਨਤੀ ਕੀਤੀ ਸੀ ਅਤੇ ਪ੍ਰਧਾਨ ਮੰਤਰੀ ਕੋਲ ਇਸ ਮੁੱਦੇ ਨੂੰ ਉਠਾਉਣ ਲਈ ਕਿਹਾ ਸੀ। ਇਸੇ ਪੱਤਰ ਦੇ ਜਵਾਬ ਵਿੱਚ ਰਾਜਪਾਲ ਨੇ ਮੁੱਖ ਮੰਤਰੀ ਨੂੰ ਲਿਖਿਆ ਹੈ ਕਿ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲਈ ਪਾਬੰਦ ਹਨ, ਪਰ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਨੇ ਇਸ ਮੁੱਦੇ 'ਤੇ ਮੇਰੇ ਕੋਲ ਪਹੁੰਚ ਕਰਨ ਤੋਂ ਪਹਿਲਾਂ ਹੀ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ।  ਇਸ ਲਈ ਸਾਨੂੰ ਇਸ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਹੈ।