ਬਰਨਾਲਾ: ਬਰਨਾਲਾ ਦੇ ਪਿੰਡ ਪੰਧੇਰ ਦਾ 26 ਸਾਲਾ ਨੌਜਵਾਨ ਨਿਰਮਲ ਸਿੰਘ 11 ਮਹੀਨੇ ਪਹਿਲਾਂ ਮਲੇਸ਼ੀਆ ਗਿਆ ਸੀ। ਜਿੱਥੇ ਕੋਰੋਨਾਵਾਇਰਸ ਦੀ ਮਹਾਮਾਰੀ ਦੇ ਚੱਲਦੇ ਮਾਨਸਿਕ ਪ੍ਰੇਸ਼ਾਨ ਹੋ ਗਿਆ ਅਤੇ ਉਸਨੇ 16 ਮਈ ਨੂੰ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਨਿਰਮਲ ਸਿੰਘ ਵਿਆਹਿਆ ਹੋਇਆ ਸੀ ਅਤੇ ਉਸਦੇ ਦੋ ਬੱਚੇ ਹਨ। ਪਰਿਵਾਰਕ ਮੈਂਬਰ ਪਿਛਲੇ ਡੇਢ ਮਹੀਨੇ ਤੋਂ ਨਿਰਮਲ ਦੀ ਲਾਸ਼ ਪਿੰਡ ਲਿਆਉਣ ਲਈ ਜੱਦੋਜ਼ਹਿਦ ਕਰ ਰਹੇ ਸੀ। ਸੰਸਦ ਮੈਂਬਰ ਭਗਵੰਤ ਮਾਨ ਦੇ ਯਤਨਾਂ ਸਦਕਾ ਅੱਜ ਉਸਦੀ ਮ੍ਰਿਤਕ ਦੇਹ ਪਿੰਡ ਪੰਧੇਰ ਲਿਆਂਦਾ ਗਿਆ। ਜਿੱਥੇ ਗਮਗੀਨ ਮਾਹੌਲ ਵਿੱਚ ਉਸਦਾ ਅੰਤਿਮ ਸਸਕਾਰ ਕੀਤਾ ਗਿਆ।




ਇਸ ਮੌਕੇ ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਮਲੇਸ਼ੀਆ ਵਿੱਚ ਉਸਦੇ ਸਾਲੇ ਦੇ ਲੜਕੇ ਨੇ ਦੱਸਿਆ ਸੀ ਕਿ ਲੌਕਡਾਊਨ ਕਾਰਨ ਨਿਰਮਲ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗਿਆ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦੇ ਉਸਨੇ 16 ਮਈ ਨੂੰ ਫ਼ਾਹਾ ਲੈ ਕੇ ਖ਼ੁਦੁਕਸ਼ੀ ਕਰ ਲਈ ਸੀ। ਉਹ ਆਪਣੇ ਮ੍ਰਿਤਕ ਪੁੱਤ ਦੀ ਲਾਸ਼ ਭਾਰਤ ਲਿਆਉਣ ਲਈ ਭਟਕ ਰਹੇ ਸੀ। ਸੰਸਦ ਮੈਂਬਰ ਭਗਵੰਤ ਮਾਨ ਨਾਲ ਇਸ ਬਾਰੇ ਗੱਲ ਹੋਈ ਤਾਂ ਉਨ੍ਹਾਂ ਨੇ ਮਦਦ ਦਾ ਭਰੋਸਾ ਦਿੱਤਾ। ਜਿਸਤੋਂ ਬਾਅਦ ਅੱਜ ਉਹਨਾਂ ਦੇ ਪੁੱਤ ਦੀ ਲਾਸ਼ ਪਿੰਡ ਆ ਸਕੀ।

ਇਸ ਮੌਕੇ ਸੰਸਦ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਦੱਸਿਆ ਕਿ ਅੱਜ ਸੈਂਕੜੇ ਦੀ ਗਿਣਤੀ ਵਿੱਚ ਨੌਜਵਾਨ ਨੌਕਰੀ ਦੀ ਭਾਲ ਵਿੱਚ ਆਪਣੇ ਘਰਾਂ ਤੋਂ ਦੂਰ ਵਿਦੇਸ਼ਾਂ ਵਿੱਚ ਜਾ ਰਹੇ ਹਨ। ਮਲੇਸ਼ੀਆ ਵਿੱਚ ਕੰਮ ਕਰ ਰਹੇ ਨਿਰਮਲ ਸਿੰਘ ਵੀ ਕੰਮ ਦੇ ਦੌਰਾਨ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਕੋਰੋਨਾਵਾਇਰਸ ਦੇ ਲੌਕਡਾਊਨ ਕਾਰਨ ਕਾਰੋਬਾਰ ਵੀ ਬੰਦ ਹੋ ਗਏ। ਘਰ ਪਰਤਣ ਦੇ ਰਸਤੇ ਬੰਦ ਹੋ ਗਏ। ਜਿਸ ਕਰਕੇ ਪ੍ਰੇਸ਼ਾਨ ਹੋ ਉਸ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।



ਭਗਵੰਤ ਮਾਨ ਨੇ ਅੱਗੇ ਕਿਹਾ ਕਿ ਹੁਣ ਵੀ 10 ਤੋਂ 15 ਨੌਜਵਾਨਾਂ ਦੀਆਂ ਲਾਸ਼ਾਂ ਹੋਰ ਹਨ, ਜੋ ਵਿਦੇਸ਼ਾਂ ਵਿੱਚ ਫ਼ਸੀਆਂ ਹੋਈਆਂ ਹਨ। ਉਹਨਾਂ ਨੂੰ ਵਾਪਸ ਪੰਜਾਬ ਲਿਆਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904