ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ  ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਉਹਨਾਂ ਗਿਣੇ ਚੁਣੇ ਤੱਤਾਂ ਖਿਲਾਫ ਕਾਰਵਾਈ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਹੋਈ ਹੈ ਜੋ ਲੋਕਾਂ ਦੀ ਸੋਚ ਦਾ ਧਾਰਮਿਕ ਲੀਹਾਂ ’ਤੇ ਧਰੁਵੀਕਰਨ ਕਰ ਕੇ ਮਾਹੌਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸੂਬੇ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਕਰ ਰਹੇ ਹਨ। 


ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੂਬੇ ਦੇ ਲੋਕ ਇਹਨਾਂ ਤੱਤਾਂ ਬਾਰੇ ਚਿੰਤਤ ਹਨ ਜੋ ਇਕ ਦੂਜੇ ਦੇ ਧਰਮਾਂ ਖਿਲਾਫ ਜ਼ਹਿਰ ਉਗਲ ਰਹੇ ਹਨ ਅਤੇ ਸੂਬੇ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਹਿੰਦੂ ਤੇ ਸਿੱਖ ਭਾਈਚਾਰੇ ਵਿਚਾਲੇ ਆਪਸੀ ਸਾਂਝ ਦੀ ਰਾਖੀ ਜ਼ਰੂਰੀ ਹੈ ਤੇ ਪੰਜਾਬੀਅਤ ਦਾ ਕਾਮਯਾਬ ਹੋਣਾ ਜ਼ਰੂਰੀ ਹੈ ਕਿਉਂਕਿ ਅਸੀਂ ਸਾਡੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਅਨੁਸਾਰ ਸਰਬੱਤ ਦੇ ਭਲੇ ਵਿਚ ਵਿਸ਼ਵਾਸ ਕਰਦੇ ਹਾਂ ਤੇ ਇਸਦੀ ਅਰਦਾਸ ਕਰਦੇ ਹਾਂ। 


ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਜਿਹੇ ਅਨਸਰਾਂ ਦੇ ਖਿਲਾਫ ਕਾਰਵਾਈ ਵਿਚ ਦੋਗਲਾ ਮਿਆਰ ਅਪਣਾ ਰਹੇ ਹਨ। ਉਹਨਾਂ ਕਿਹਾ ਕਿ ਸੰਦੀਪ ਸੂਰੀ ਕਤਲ ਕੇਸ ਵਿਚ ਸੰਨੀ ਗ੍ਰਿਫਤਾਰ ਹੋ ਚੁੱਕਾ ਹੈ ਪਰ ਉਹਨਾਂ ਅਨਸਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ  ਜਿਹਨਾਂ ਨੇ ਸੰਨੀ ਦੇ ਭਰਾ ਹਰਦੀਪ ਸਿੰਘ ਦੀ ਦੁਕਾਨ ਨੂੰ ਅੱਗੇ ਲਗਾਈ ਅਤੇ ਸਿੱਖ ਕੌਮ ਖਿਲਾਫ ਜ਼ਹਿਰ ਉਗਲਿਆ। ਉਹਨਾਂ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ ਤੇ ਕਿਸੇ ਇਕ ਭਾਈਚਾਰੇ ਲਈ ਕਾਨੂੰਨ ਵੱਖਰਾ ਤੇ ਦੂਜੇ ਲਈ ਵੱਖਰਾ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਹਰੇਕ ਦੀ ਰਾਖੀ ਹੋਣੀ ਚਾਹੀਦੀ ਹੈ ਨਾ ਕਿ ਚੋਣਵੇਂ ਆਧਾਰ ’ਤੇ ਅਜਿਹਾ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਮੰਗ ਕੀਤੀ ਕਿ ਸੰਨੀ ਦੇ ਭਰਾ ਹਰਦੀਪ ਸਿੰਘ ਤੇ ਮਨਦੀਪ ਸਿੰਘ ਨੂੰ ਵੀ ਸੁਰੱਖਿਆ ਦਿੱਤੀ ਜਾਣੀ ਚਾਹੀਦੀਹੈ। 


ਉਹਨਾਂ ਦੱਸਿਆ ਕਿ ਜਿਹੜੇ ਅਨਸਰਾਂ ਨੇ ਹਰਦੀਪ ਸਿੰਘ ਦੀ ਦੁਕਾਨ ਨੂੰ ਅੱਗ ਲਗਾਈ ਤੇ ਸਭ ਕੁਝ ਤਬਾਹ ਕੀਤਾ, ਉਹਨਾਂ ਖਿਲਾਫ 10 ਨਵੰਬਰ ਨੂੰ ਸ਼ਿਕਾਇਤ ਦਿੱਤੀ ਸੀ ਪਰ ਪੁਲਿਸ ਨੇ ਦੋਸ਼ੀਆਂ ਖਿਲਾਫ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ । ਉਹਨਾਂ ਕਿਹਾ ਕਿ ਹਰਦੀਪ ਸਿੰਘ ਦਾ ਸੂਰੀ ਦੇ ਕਤਲ ਕੇਸ ਵਿਚ ਕੋਈ ਰੋਲ ਨਹੀਂ ਹੈ ਪਰ ਫਿਰ ਵੀ ਪੁਲਿਸ ਉਸਨੂੰ ਨਿਆਂ ਨਹੀਂ ਦੇ ਰਹੀ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਪੁਲਿਸ ਨੂੰ ਅਜਿਹੇ ਅਨਸਰਾਂ ਖਿਲਾਫ ਕਾਰਵਾਈ ਨਾ ਕਰਨ ਵਾਸਤੇ ਆਖਿਆ ਹੈ। 
 


ਮਜੀਠੀਆ ਨੇ ਮੰਗ ਕੀਤੀ ਕਿ ਆਪ ਸਰਕਾਰ ਧਰਮ ਦੇ ਆਧਾਰ ’ਤੇ ਵਿਤਕਰਾ ਨਾ ਕਰੇ ਬਲਕਿ ਸੂਬੇ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਲਈ ਕੰਮ ਕਰੇ। ਉਹਨਾਂ ਕਿਹਾ ਕਿ ਜੋ ਜ਼ਹਿਰ ਉਗਲਦੇ ਹਨ, ਉਹਨਾਂ ਨੂੰ ਕੋਈ ਸਕਿਓਰਿਟੀ ਨਾ ਦਿੱਤੀ ਜਾਵੇ ਬਲਕਿ ਉਹਨਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਸ਼ਾਂਤੀ ਤੇ ਫਿਰਕੂ ਸਦਭਾਵਨਾ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਵਾਸਤੇ ਬਹੁਤ ਜ਼ਰੂਰੀ  ਹੈ।