ਰੌਬਟ ਦੀ ਰਿਪੋਰਟ



ਚੰਡੀਗੜ੍ਹ: ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੂੰ ਹਾਈਕੋਰਟ ਨੇ ਸ਼ਰਤਾਂ ਤਹਿਤ ਜ਼ਮਾਨਤ ਦੇ ਦਿੱਤੀ ਹੈ। ਮਜੀਠੀਆ ਦੀ ਜ਼ਮਾਨਤ ਮਗਰੋਂ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ। ਇੱਕ ਦੂਜੇ 'ਤੇ ਬਿਆਨਬਾਜ਼ੀ ਤੇ ਇਲਜ਼ਾਮਾਂ ਦਾ ਦੌਰ ਜਾਰੀ ਹੈ। ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕੋਰਟ ਦੇ ਫੈਸਲੇ ਮਗਰੋਂ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਘੇਰਿਆ ਹੈ। ਭਗਵੰਤ ਮਾਨ ਮਜੀਠੀਆ ਦੀ ਗ੍ਰਿਫ਼ਤਾਰੀ ਨਾ ਹੋਣ ਪਿੱਛੇ ਚੰਨੀ ਨੂੰ ਜ਼ਿੰਮੇਵਾਰ ਦੱਸਿਆ ਹੈ। 


ਚਰਨਜੀਤ ਚੰਨੀ 'ਤੇ ਇਲਜ਼ਾਮ ਲਾਉਂਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ, "ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਦੀ ਜ਼ਮਾਨਤ ਰੱਦ ਹੋ ਗਈ ਹੋਵੇ ਤੇ ਪੁਲਿਸ ਉਸ ਨੂੰ ਲੱਭ ਨਾ ਸਕੀ ਹੋਵੇ। ਦਰਅਸਲ, ਲੁਧਿਆਣਾ ਕੇਸ 'ਚ ਮਜੀਠੀਆ ਨੇ ਚੰਨੀ ਦੇ ਭਰਾ ਨੂੰ ਬਚਾਇਆ ਸੀ। ਉਦੋਂ ਜੋ ਕੰਮ ਮਜੀਠੀਆ ਨੇ ਚੰਨੀ ਲਈ ਕੀਤਾ, ਹੁਣ ਅੱਜ ਮਜੀਠੀਆ ਲਈ ਉਹੀ ਕੰਮ ਚੰਨੀ ਨੇ ਕੀਤਾ ਹੈ।"


ਇਸ ਦੇ ਨਾਲ ਹੀ ਰਾਜਾ ਵੜਿੰਗ ਨੂੰ ਆੜੇ ਹੱਥੀਂ ਲੈਂਦੇ ਹੋਏ ਭਗਵੰਤ ਮਾਨ ਨੇ ਕਿਹਾ ,"ਅਜਿਹਾ ਹੀ ਵੜਿੰਗ ਨੇ ਕੀਤਾ, ਕਿਸੇ ਉਪਰ ਵੀ ਪੱਕੇ ਸਬੂਤਾਂ ਨਾਲ ਕਾਰਵਾਈ ਨਹੀਂ ਕੀਤੀ। ਇਸ ਲਈ ਹੀ ਅੱਜ ਕੋਈ ਵੀ ਬੱਸ ਅੰਦਰ ਨਹੀਂ। ਪੰਜਾਬ ਪੁਲਿਸ ਦੇ DGP ਬਦਲ ਦਿੱਤੇ, AG ਬਦਲ ਗਏ ਪਰ ਕੰਮ ਕੁਝ ਨਹੀਂ ਹੋਇਆ।"


ਕਾਂਗਰਸ 'ਤੇ ਤਨਜ ਕੱਸਦੇ ਹੋਏ ਮਾਨ ਨੇ ਕਿਹਾ ਕਿ, "ਚੰਨੀ ਸਰਕਾਰ ਮੁਹੱਲੇ ਦੀ ਕ੍ਰਿਕਟ ਟੀਮ ਵਰਗੀ ਹੈ, ਜਿਸ ਨੂੰ ਕੋਈ ਅਨੁਸ਼ਾਸਨ ਨਹੀਂ ਹੈ। ਰਾਹੁਲ ਗਾਂਧੀ ਤੇ ਸੁਨੀਲ ਜਾਖੜ ਦੋਨੋਂ ਹੀ ਵਿਦੇਸ਼ ਦੌਰੇ 'ਤੇ ਹਨ। ਕਾਂਗਰਸ ਜਾਣਦੀ ਹੈ ਕਿ ਉਨ੍ਹਾਂ ਦੇ ਪੱਲੇ ਕੁਝ ਨਹੀਂ ਹੈ। ਜਿੱਥੇ ਕਿਸੇ ਕੋਲੋਂ 5 ਗ੍ਰਾਮ ਵੀ ਨਸ਼ਾ ਫੜਿਆ ਜਾਵੇ ਤਾਂ ਉਸ ਨੂੰ 5-10 ਸਾਲ ਦੀ ਸਜ਼ਾ ਹੋ ਜਾਂਦੀ ਹੈ ਤੇ ਮਜੀਠੀਆ ਨੂੰ ਵੱਡੇ ਕੇਸ 'ਚ ਜ਼ਮਾਨਤ ਮਿਲ ਗਈ। ਇਸ ਤੋਂ ਸਾਫ ਹੈ ਕਿ ਕਾਂਗਰਸ 'ਤੇ ਅਕਾਲੀ ਮਿਲੇ ਹੋਏ ਹਨ।"


 


 


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ