ਰੌਬਟ ਦੀ ਰਿਪੋਰਟ


ਚੰਡੀਗੜ੍ਹ: 'ਆਮ ਆਦਮੀ ਪਾਰਟੀ' ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਵਾਈ ਗੇੜੀਆਂ 'ਤੇ ਮੁੜ ਘਿਰ ਗਈ ਹੈ। ਕੈਪਟਨ ਤੇ ਬਦਲਾਂ ਦੇ ਹਵਾਈ ਸਫ਼ਰ 'ਤੇ ਸਵਾਲ ਚੁੱਕਣ ਵਾਲੇ ਭਗਵੰਤ ਮਾਨ ਹੁਣ ਖੁਦ ਸਵਾਲਾਂ ਦੇ ਘੇਰੇ 'ਚ ਹਨ। ਇੱਕ RTI 'ਚ ਖੁਲਾਸਾ ਹੋਇਆ ਹੈ ਕਿ ਸੀਐਮ ਮਾਨ ਦੀ ਗੁਜਰਾਤ ਫੇਰੀ ਦੌਰਾਨ ਹਵਾਈ ਗੇੜੀਆਂ 'ਤੇ 44,85,267 ਰੁਪਏ ਖਰਚੇ ਗਏ ਹਨ।


ਕਾਂਗਰਸ ਨੇ ਟਵੀਟ ਕਰਕੇ ਇਸ RTI ਦੇ ਜਵਾਬ ਦੀ ਤਸਵੀਰ ਸ਼ੇਅਰ ਕੀਤੀ ਹੈ ਜਿਸ ਦੇ ਨਾਲ ਲਿਖਿਆ ਹੈ, "ਆਰਟੀਆਈ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਗੁਜਰਾਤ ਵਿੱਚ ‘ਆਪ’ ਦੀ ਚੋਣ ਮੁਹਿੰਮ ਲਈ ਹਵਾਈ ਕਿਰਾਇਆ ਅਦਾ ਕਰਨ ਲਈ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਵਿੱਚੋਂ 44,85,267/- ਰੁਪਏ ਖਰਚ ਕੀਤੇ।"


 



ਪਿਛਲੇ ਮਹੀਨੇ ਹੀ ਮਾਨ ਸਰਕਾਰ ਹਵਾਈ ਸਫ਼ਰ ਨੂੰ ਲੈ ਕੇ ਚਰਚਾ ਵਿੱਚ ਆਈ ਸੀ ਜਦੋਂ ਆਪ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਵਾਈ ਗੇੜੀਆਂ ਦਾ ਵੇਰਵਾ ਜਨਤਕ ਕਰਨ ਤੋਂ ਇਨਕਾਰੀ ਸੀ। ਪੰਜਾਬ ਸਰਕਾਰ ਨੇ ਸੀਐਮ ਭਗਵੰਤ ਮਾਨ ਦੇ ਹਵਾਈ ਸਫ਼ਰ ਸਬੰਧੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਮੁੜ ਵਿਰੋਧੀ ਧਿਰਾਂ ਦੇ ਨਿਸ਼ਾਨੇ 'ਤੇ ਆ ਗਈ ਹੈ। 


ਦੱਸ ਦਈਏ ਕਿ ਪੰਜਾਬ ਸਰਕਾਰ ਨੇ ਸੀਐਮ ਭਗਵੰਤ ਮਾਨ ਦੇ ਹਵਾਈ ਸਫ਼ਰ ਸਬੰਧੀ ਜਾਣਕਾਰੀ ਸੂਚਨਾ ਅਧਿਕਾਰ ਕਾਨੂੰਨ (ਆਰਟੀਆਈ) ਦੇ ਦਾਇਰੇ ਤੋਂ ਬਾਹਰ ਕਰਦਿਆਂ ਮੁੱਖ ਮੰਤਰੀ ਦੇ ਹਵਾਈ ਸਫ਼ਰ ਦੇ ਖਰਚਿਆਂ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਪਾਈ ਆਰਟੀਆਈ ਰੱਦ ਦਿੱਤੀ ਸੀ। ਅਹਿਮ ਹੈ ਕਿ ਇਸ ਤੋਂ ਪਹਿਲਾਂ ਕਦੇ ਵੀ ਮੁੱਖ ਮੰਤਰੀ ਦੇ ਹਵਾਈ ਸਫਰ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਨਹੀਂ ਕੀਤਾ ਗਿਆ।


ਹਾਲਾਂਕਿ ਇਸ ਤੋਂ ਪਹਿਲਾਂ ਸਰਕਾਰਾਂ ਵੱਲੋਂ ਮੁੱਖ ਮੰਤਰੀਆਂ ਦੇ ਹਵਾਈ ਸਫ਼ਰ ਦੀ ਜਾਣਕਾਰੀ ਆਰਟੀਆਈ ਵਿੱਚ ਸਾਂਝੀ ਕੀਤੀ ਜਾਂਦੀ ਰਹੀ ਹੈ। ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਬਨਣ ਮਗਰੋਂ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿੱਚ ਹੈਲੀਕਾਪਟਰ ਰਾਹੀਂ ਸਫ਼ਰ ਕੀਤਾ ਹੈ। ਇੰਨਾ ਹੀ ਨਹੀਂ ਆਪ ਦੇ ਦਿੱਲੀ ਦੇ ਕਈ ਆਗੂ ਵੀ ਇਸ ਹੈਲੀਕਾਪਟਰ ਵਿੱਚ ਸਫ਼ਰ ਕਰ ਚੁੱਕੇ ਹਨ। ਜਦੋਂ ਕਿ ਨੇਮਾਂ ਅਨੁਸਾਰ ਮੁੱਖ ਮੰਤਰੀ ਦੇ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਸਿਰਫ ਮੁੱਖ ਮੰਤਰੀ ਹੀ ਸਕਦੇ ਹਨ।