Punjab News: ‘ਭਾਰਤ ਜੋੜੋ ਯਾਤਰਾ’ ਵਿੱਚ ਸਭ ਤੋਂ ਵੱਧ ਚਰਚਾ ਰਾਹੁਲ ਗਾਂਧੀ ਦੀ ਹੋ ਰਹੀ ਹੈ। ਹੁਣ ਤੱਕ ਸਵਾਲ ਸੀ ਕਿ ਰਾਹੁਲ ਗਾਂਧੀ ਕੜਾਕੇ ਦੀ ਠੰਢ ਵਿੱਚ ਵੀ ਟੀ-ਸ਼ਰਟ ਨਾਲ ਹੀ ਕਿਵੇਂ ਗੁਜਾਰਾ ਕਰ ਰਹੇ ਹਨ। ਹੁਣ ਪੰਜਾਬ ਵਿੱਚ ਪਹੁੰਚ ਰਾਹੁਲ ਗਾਂਧੀ 2-3 ਡਿਗਰੀ ਪਾਰੇ ਵਿੱਚ ਵੀ ਨੰਗੇ ਪੈਰੀਂ ਤੁਰਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਉੱਪਰ ਚਰਚਾ ਹੈ ਕਿ ਆਖਰ ਰਾਹੁਲ ਨੂੰ ਠੰਢ ਕਿਉਂ ਨਹੀਂ ਲੱਗਦੀ। 


ਦੱਸ ਦਈਏ ਕਿ ਕੜਾਕੇ ਦੀ ਠੰਢ ਦੌਰਾਨ ਟੀ-ਸ਼ਰਟ ਪਾ ਕੇ ‘ਭਾਰਤ ਜੋੜੋ ਯਾਤਰਾ’ ਦੀ ਅਗਵਾਈ ਕਰ ਰਹੇ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਪੰਜਾਬ ਵਿੱਚ ਨੰਗੇ ਪੈਰੀਂ ਤੁਰਦੇ ਨਜ਼ਰ ਆਏ। ਰਾਹੁਲ ਗਾਂਧੀ ਦੀ ਇਸ ਸਬੰਧੀ ਇੱਕ ਤਸਵੀਰ ਸਾਹਮਣੇ ਆਈ ਹੈ। ਇਸ ਮਗਰੋਂ ਹੁਣ ਸੋਸ਼ਲ ਮੀਡੀਆ ਉੱਪਰ ਚਰਚਾ ਹੈ ਕਿ ਰਾਹੁਲ ਨੂੰ ਠੰਢ ਨਾ ਲੱਗਣ ਦਾ ਕੀ ਰਾਜ ਹੈ। ਇਸ ਬਾਰੇ ਯੋਗ ਗੁਰੂ ਰਾਮਦੇਵ ਨੇ ਵੀ ਚੁਟਕੀ ਲਈ ਹੈ।


ਦੱਸ ਦਈਏ ਕਿ ਰਾਹੁਲ ਦੀ ਇੱਕ ਤਸਵੀਰ ਸਰਹਿੰਦ-ਬਸੀ ਪਠਾਣਾਂ ਮਾਰਗ ’ਤੇ ਸਥਿਤ ‘ਰੋਜ਼ਾ ਸ਼ਰੀਫ ਸ਼ੇਖ ਅਹਿਮਦ ਅਲ-ਫਾਰੂਕੀ-ਅਲ ਸਰਹਿੰਦੀ ਦੀ ਦਰਗਾਹ’ ਉੱਤੇ ਨਤਮਸਤਕ ਹੋਣ ਮਗਰੋਂ ਖਿੱਚੀ ਗਈ ਸੀ। ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜ ਵੜਿੰਗ ਵੀ ਨੰਗੇ ਪੈਰੀਂ ਨਜ਼ਰ ਆ ਰਹੇ ਹਨ ਪਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੈਰਾਂ ਵਿੱਚ ਚੱਪਲਾਂ ਪਾਈਆਂ ਹੋਈਆਂ ਹਨ। ਇੱਥੇ 4 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਰਾਹੁਲ ਗਾਂਧੀ ਦਰਗਾਹ ’ਤੇ ਮੱਥਾ ਟੇਕਣ ਮਗਰੋਂ ਹੋਰ ਆਗੂਆਂ ਨਾਲ ਸੜਕ ’ਤੇ ਨੰਗੇ ਪੈਰੀਂ ਤੁਰੇ। ਪੰਜਾਬ ਵਿੱਚ ਇਸ ਵੇਲੇ ਕੜਾਕੇ ਦੀ ਠੰਢ ਪੈ ਰਹੀ ਹੈ ਤੇ ਬਠਿੰਡਾ ਅੱਜ 2.4 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਠੰਢਾ ਰਿਹਾ। 


ਇਹ ਵੀ ਪੜ੍ਹੋ : ਸੀਐਮ ਦੀ ਘੁਰਕੀ ਤੋਂ ਡਰੇ ਹੜਤਾਲੀ ਅਫਸਰ , ਹੁਣ ਕੰਮ 'ਤੇ ਪਰਤਣਗੇ PCS ਅਫ਼ਸਰ


ਰਾਹੁਲ ਗਾਂਧੀ ਨੇ ਖੁਦ ਹੀ ਦੱਸਿਆ ਰਾਜ? 
ਦਰਅਸਲ ਰਾਹੁਲ ਗਾਂਧੀ ਨੂੰ ਮੱਧ ਪ੍ਰਦੇਸ਼ ਵਿੱਚ ਠੰਢ ਦੌਰਾਨ ਪਾਟੇ ਕੱਪੜਿਆਂ ਵਿੱਚ ਕੰਬ ਰਹੀਆਂ ਤਿੰਨ ਗਰੀਬ ਬੱਚੀਆਂ ਮਿਲੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਐਲਾਨ ਕੀਤਾ ਸੀ ਕਿ ਉਹ ‘ਭਾਰਤ ਜੋੜੋ ਯਾਤਰਾ’ ਦੌਰਾਨ ਕੇਵਲ ਟੀ-ਸ਼ਰਟ ਹੀ ਪਾਉਣਗੇ। ਰਾਹੁਲ ਨੇ ਅੰਬਾਲਾ ਵਿੱਚ ਆਖਿਆ ਸੀ, ‘‘ਲੋਕ ਪੁੱਛਦੇ ਹਨ ਕਿ ਮੈਨੂੰ ਟੀ-ਸ਼ਰਟ ਵਿੱਚ ਠੰਢ ਨਹੀਂ ਲੱਗਦੀ। ਮੈਂ ਉਨ੍ਹਾਂ ਨੂੰ ਇਸ ਦਾ ਕਾਰਨ ਦੱਸਣਾ ਚਾਹਾਂਗਾ। ਜਦੋਂ ਅਸੀਂ ਕੇਰਲ ਤੋਂ ਇਹ ਯਾਤਰਾ ਸ਼ੁਰੂ ਕੀਤੀ ਸੀ ਤਾਂ ਉਦੋਂ ਗਰਮੀ ਸੀ ਪਰ ਜਦੋਂ ਅਸੀਂ ਮੱਧ ਪ੍ਰਦੇਸ਼ ਵਿੱਚ ਦਾਖ਼ਲ ਹੋਏ ਤਾਂ ਹਲਕੀ ਠੰਢ ਸ਼ੁਰੂ ਹੋ ਗਈ। ਉਸੇ ਦਿਨ ਮੈਨੂੰ ਗਰੀਬ ਪਰਿਵਾਰ ਦੀਆਂ ਤਿੰਨ ਬੱਚੀਆਂ ਪਾਟੇ ਹੋਏ ਕੱਪੜਿਆਂ ਵਿੱਚ ਨਜ਼ਰ ਆਈਆਂ। ਜਦੋਂ ਮੈਂ ਉਨ੍ਹਾਂ ਨੂੰ ਮਿਲਿਆ ਤਾਂ ਉਹ ਠੰਢ ਨਾਲ ਕੰਬ ਰਹੀਆਂ ਸਨ। ਇਹੀ ਉਹ ਦਿਨ ਸੀ ਜਦੋਂ ਮੈਂ ‘ਭਾਰਤ ਜੋੜੋ ਯਾਤਰਾ’ ਦੌਰਾਨ ਟੀ-ਸ਼ਰਟ ਹੀ ਪਾ ਕੇ ਰੱਖਣ ਦਾ ਫੈਸਲਾ ਕੀਤਾ ਸੀ।’’


 


ਇਹ ਵੀ ਪੜ੍ਹੋ : ਆਸਟ੍ਰੇਲੀਅਨ ਪਿਜ਼ਾ ਕੰਪਨੀ ਨੂੰ ਭਾਰਤੀ ਮਹਿਲਾ ਨਾਲ ਪੰਗਾ ਪਿਆ ਮਹਿੰਗਾ, 53000 ਡਾਲਰ ਠੋਕਿਆ ਹਰਜਾਨਾ