Punjab News: ਭੱਠਾ ਮਾਲਕਾਂ ਦੀ ਹੜਤਾਲ ਨੇ ਹਾਹਾਕਾਰ ਮਚਾ ਦਿੱਤੀ ਹੈ। ਸਰਕਾਰ ਤੇ ਆਮ ਲੋਕਾਂ ਵੱਲੋਂ ਕੀਤੇ ਜਾ ਰਹੇ ਨਿਰਮਾਣ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਲੱਗੇ ਹਨ। ਭੱਠਾ ਮਾਲਕਾਂ ਨੇ 12 ਸਤੰਬਰ ਤੋਂ ਇੱਟਾਂ ਦੇ ਭੱਠੇ ਬੰਦ ਕੀਤੇ ਹੋਏ ਹਨ। ਇਹ ਹੜਤਾਲ 17 ਸਤੰਬਰ ਤੱਕ ਚੱਲਣੀ ਹੈ। ਇਸ ਕਰਕੇ ਇੱਕ ਪਾਸੇ ਨਿਰਮਾਣ ਕਾਰਜ ਰੁਕੇ ਹਨ, ਦੂਜੇ ਪਾਸੇ ਮਜ਼ਦੂਰਾਂ ਲਈ ਵੀ ਔਖਾ ਹੋ ਗਿਆ ਹੈ।
ਭੱਠਾ ਮਾਲਕਾਂ ਦੀ ਐਸੋਸੀਏਸ਼ਨ ਦਾ ਕਹਿਣ ਹੈ ਕਿ ਕੇਂਦਰ ਸਰਕਾਰ ਨੇ ਭੱਠਿਆਂ ’ਤੇ ਜੀਐਸਟੀ 6 ਫੀਸਦੀ ਤੋਂ ਵਧਾ ਕੇ 12 ਫੀਸਦੀ ਕਰ ਦਿੱਤਾ ਹੈ, ਜਿਸ ਦਾ ਸਿੱਧਾ ਬੋਝ ਆਮ ਲੋਕਾਂ ’ਤੇ ਪੈਣਾ ਹੈ। ਉਨ੍ਹਾਂ ਕਿਹਾ ਕਿ ਇਸੇ ਰੋਸ ਵਿੱਚ ਭੱਠੇ ਬੰਦ ਕੀਤੇ ਗਏ ਹਨ ਤਾਂ ਜੋ ਆਮ ਲੋਕਾਂ ਨੂੰ ਇਸ ਨਵੀਂ ਬਿਪਤਾ ਤੋਂ ਜਾਣੂ ਕਰਾਇਆ ਜਾ ਸਕੇ। ਹਾਸਲ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਤਕਰੀਬਨ 2600 ਭੱਠੇ ਹਨ, ਜਿਨ੍ਹਾਂ ’ਚੋਂ 1700 ਭੱਠੇ ਵਰਕਿੰਗ ਹਨ।
ਦੱਸ ਦਈਏ ਕਿ ਬੇਸ਼ੱਕ ਇਨ੍ਹਾਂ ਦਿਨਾਂ ਵਿੱਚ ਭੱਠਿਆਂ ਦਾ ‘ਆਫ ਸੀਜ਼ਨ’ ਹੁੰਦਾ ਹੈ ਪਰ ਫਿਰ ਵੀ ਹਰੇਕ ਭੱਠੇ ਤੋਂ ਔਸਤਨ 10 ਹਜ਼ਾਰ ਰੋਜ਼ਾਨਾਂ ਇੱਟਾਂ ਦੀ ਵਿਕਰੀ ਹੁੰਦੀ ਹੈ ਜੋ ਪੀਕ ਸੀਜ਼ਨ ’ਚ 30 ਹਜ਼ਾਰ ਰੋਜ਼ਾਨਾ ਤੋਂ ਜ਼ਿਆਦਾ ਦੀ ਵਿਕਰੀ ਹੁੰਦੀ ਹੈ। ਸ਼ਹਿਰੀ ਖੇਤਰ ਵਿੱਚ ਉਸਾਰੀ ਪ੍ਰਾਜੈਕਟ ’ਤੇ ਵੀ ਪ੍ਰਭਾਵ ਪੈਣ ਲੱਗਿਆ ਹੈ। ਹਾਸਲ ਜਾਣਕਾਰੀ ਮੁਤਾਬਕ ਪੇਂਡੂ ਵਿਕਾਸ ਦੇ ਜੋ ਸਰਕਾਰੀ ਕਾਰਜ ਚੱਲ ਰਹੇ ਸਨ, ਉਨ੍ਹਾਂ ਵਿੱਚ ਵੀ ਖੜੋਤ ਆ ਗਈ ਹੈ। ਪੰਜਾਬ ਵਿੱਚ ਇਸ ਵੇਲੇ ਇੱਟਾਂ ਦਾ ਭਾਅ ਵੀ 6200 ਰੁਪਏ ਤੋਂ ਲੈ ਕੇ ਸੱਤ ਹਜ਼ਾਰ ਰੁਪਏ ਪ੍ਰਤੀ ਹਜ਼ਾਰ ਤੱਕ ਦਾ ਹੈ।
ਇਸੇ ਦੌਰਾਨ ਪੰਜਾਬ ਵਿੱਚ ਮੌਨਸੂਨ ਸੀਜ਼ਨ ਵਿੱਚ ਮਾਈਨਿੰਗ ਬੰਦ ਹੋਣ ਕਾਰਨ ਰੇਤਾ, ਬਜਰੀ ਦੀ ਕਿੱਲਤ ਵੀ ਹੋਣ ਲੱਗੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਰੇਤਾ ਖੱਡਾਂ ਦੀ ਨਵੀਂ ਨਿਲਾਮੀ ਕੀਤੇ ਜਾਣ ਨੂੰ ਬਰੇਕ ਲਗਾ ਦਿੱਤੀ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਹਨ ਕਿ ਵਾਤਾਵਰਨ ਕਲੀਅਰੈਂਸ ਤੋਂ ਬਿਨਾਂ ਨਵੇਂ ਟੈਂਡਰ ਅਲਾਟ ਨਾ ਕੀਤੇ ਜਾਣ।
ਮਾਈਨਿੰਗ ਵਿਭਾਗ ਨੇ ਹਾਲੇ ਤੱਕ ਵਾਤਾਵਰਨ ਕਲੀਅਰੈਂਸ ਨਹੀਂ ਲਈ ਹੈ ਤੇ ਇਸ ਪ੍ਰਕਿਰਿਆ ’ਤੇ ਕਰੀਬ ਇੱਕ ਮਹੀਨਾ ਤੋਂ ਜ਼ਿਆਦਾ ਸਮਾਂ ਲੱਗ ਸਕਦਾ ਹੈ। ਨਵੀਂ ਖੁਦਾਈ ਦਾ ਕੰਮ ਵੀ ਪੱਛੜ ਸਕਦਾ ਹੈ, ਜਿਸ ਨਾਲ ਬਾਜ਼ਾਰ ਵਿੱਚ ਰੇਤਾ, ਬਜਰੀ ਦੀ ਕਮੀ ਆਵੇਗੀ, ਜਿਸ ਨਾਲ ਰੇਤਾ, ਬਜਰੀ ਦੇ ਭਾਅ ਵੀ ਵਧ ਸਕਦੇ ਹਨ। ਪਤਾ ਲੱਗਿਆ ਹੈ ਕਿ ਰੇਤੇ ਦੇ ਭਾਅ 10 ਰੁਪਏ ਪ੍ਰਤੀ ਕੁਇੰਟਲ ਵਧ ਗਏ ਹਨ।