Action Against Amritpal Singh: ਪੰਜਾਬ ਪੁਲਿਸ ਵੱਲੋਂ ਭਗੌੜੇ ਕਰਾਰ ਦਿੱਤੇ ਗਏ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਿਰੁੱਧ ਲੁੱਕਆਊਟ ਸਰਕੂਲਰ (ਐਲਓਸੀ) ਤੇ ਗੈਰ-ਜ਼ਮਾਨਤੀ ਵਾਰੰਟ (ਐਨਬੀਡਬਲਿਊ) ਜਾਰੀ ਕਰ ਦਿੱਤਾ ਗਿਆ ਹੈ। ਪੁਲਿਸ ਨੂੰ ਖਦਸ਼ਾ ਹੈ ਕਿ ਅੰਮ੍ਰਿਤਪਾਲ ਸਿੰਘ ਦੂਜੇ ਰਾਜ ਵਿੱਚ ਦੌੜ ਗਿਆ ਹੈ। ਉਹ ਉਥੋਂ ਵਿਦੇਸ਼ ਨਿਕਲ ਸਕਦਾ ਹੈ। ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਨਿਰੰਤਰ ਯਤਨ ਜਾਰੀ ਹਨ। ਇਸ ਕਾਰਵਾਈ ਵਿੱਚ ਪੰਜਾਬ ਪੁਲਿਸ ਦੂਜੇ ਰਾਜਾਂ ਤੇ ਕੇਂਦਰੀ ਏਜੰਸੀਆਂ ਦਾ ਸਹਿਯੋਗ ਲੈ ਰਹੀ ਹੈ।
ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਸੂਬੇ ਵਿੱਚ ਸਥਿਤੀ ਪੂਰੀ ਤਰ੍ਹਾਂ ਸਥਿਰ ਤੇ ਕਾਬੂ ਵਿੱਚ ਹੋਣ ਦਾ ਭਰੋਸਾ ਦਿੱਤਾ ਹੈ। ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਸੂਬੇ ਵਿੱਚ ਅਮਨ-ਸ਼ਾਂਤੀ ਨੂੰ ਭੰਗ ਕਰਨ ਦੇ ਦੋਸ਼ ਹੇਠ ਕੁੱਲ 154 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਭਗੌੜੇ ਹੋਏ ਅੰਮ੍ਰਿਤਪਾਲ ਸਿੰਘ ਵਿਰੁੱਧ ਲੁੱਕਆਊਟ ਸਰਕੂਲਰ (ਐਲਓਸੀ) ਅਤੇ ਗੈਰ-ਜ਼ਮਾਨਤੀ ਵਾਰੰਟ (ਐਨਬੀਡਬਲਿਊ) ਜਾਰੀ ਕਰ ਦਿੱਤਾ ਗਿਆ ਹੈ ਤੇ ਉਸ ਦੀ ਗ੍ਰਿਫਤਾਰੀ ਲਈ ਨਿਰੰਤਰ ਯਤਨ ਜਾਰੀ ਹਨ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਵਿੱਚ ਪੰਜਾਬ ਪੁਲਿਸ ਨੂੰ ਦੂਜੇ ਰਾਜਾਂ ਤੇ ਕੇਂਦਰੀ ਏਜੰਸੀਆਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਅੰਮ੍ਰਿਤਪਾਲ ਦੀਆਂ ਵੱਖ-ਵੱਖ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਈਜੀਪੀ ਨੇ ਲੋਕਾਂ ਨੂੰ ਭਗੌੜੇ ਬਾਰੇ ਜਾਣਕਾਰੀ ਦੇਣ ਅਪੀਲ ਕੀਤੀ।
ਆਈਜੀਪੀ ਨੇ ਦੱਸਿਆ ਕਿ ਜਲੰਧਰ ਦਿਹਾਤੀ ਪੁਲਿਸ ਨੇ ਇੱਕ ਬਰੇਜ਼ਾ ਕਾਰ (ਪੀ.ਬੀ.02-ਈ.ਈ.-3343) ਬਰਾਮਦ ਕੀਤੀ ਹੈ, ਜਿਸ ਦੀ ਵਰਤੋਂ ਅੰਮ੍ਰਿਤਪਾਲ ਵੱਲੋਂ 18 ਮਾਰਚ ਨੂੰ ਉਸ ਸਮੇਂ ਕੀਤੀ ਗਈ ਸੀ, ਜਦੋਂ ਪੁਲਿਸ ਦੀਆਂ ਟੀਮਾਂ ਨੇ ਉਸ ਦੇ ਕਾਫ਼ਲੇ ਦਾ ਪਿੱਛਾ ਕਰ ਰਹੀ ਸੀ ਤੇ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮੰਨਾ (28) ਪੁੱਤਰ ਹਰਵਿੰਦਰ ਸਿੰਘ ਵਾਸੀ ਨਵਾਂ ਕਿਲਾ ਸ਼ਾਹਕੋਟ, ਗੁਰਦੀਪ ਸਿੰਘ ਉਰਫ਼ ਦੀਪਾ (34) ਪੁੱਤਰ ਮੁਖਤਿਆਰ ਸਿੰਘ ਪਿੰਡ ਬੱਲ ਨੌ, ਨਕੋਦਰ, ਹਰਪ੍ਰੀਤ ਸਿੰਘ ਉਰਫ਼ ਹੈਪੀ (36) ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਕੋਟਲਾ ਨੋਧ ਸਿੰਘ, ਹੁਸ਼ਿਆਰਪੁਰ ਤੇ ਗੁਰਭੇਜ ਸਿੰਘ ਉਰਫ਼ ਭੇਜਾ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਗੋਂਦਾਰਾ, ਫਰੀਦਕੋਟ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚਾਰ ਮੁਲਜ਼ਮਾਂ ਨੇ ਅੰਮ੍ਰਿਤਪਾਲ ਨੂੰ ਭੱਜਣ ਵਿੱਚ ਮਦਦ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਪਿੰਡ ਨੰਗਲ ਅੰਬੀਆਂ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਆਪਣੇ ਕੱਪੜੇ ਬਦਲੇ ਤੇ ਦੋ ਮੋਟਰਸਾਈਕਲਾਂ ’ਤੇ ਉੱਥੋਂ ਫਰਾਰ ਹੋ ਗਏ। ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਟੀਮਾਂ ਨੇ ਮੋਗਾ ਦੇ ਪਿੰਡ ਰਾਊਕੇ ਦੇ ਕੁਲਵੰਤ ਸਿੰਘ ਰਾਉਕੇ ਤੇ ਕਪੂਰਥਲਾ ਦੇ ਗੁਰਿੰਦਰਪਾਲ ਸਿੰਘ ਉਰਫ਼ ਗੁਰੀ ਔਜਲਾ ਨੂੰ ਵੀ ਕੌਮੀ ਸੁਰੱਖਿਆ ਐਕਟ ਤਹਿਤ ਗ੍ਰਿਫ਼ਤਾਰ ਕਰਕੇ ਹਿਰਾਸਤ ਵਿੱਚ ਲੈ ਲਿਆ ਹੈ।
ਆਈਜੀਪੀ ਨੇ ਦੱਸਿਆ ਕਿ ਜਲੰਧਰ ਦਿਹਾਤੀ ਪੁਲਿਸ ਨੇ ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਵਾਸੀ ਕੱਲੂ ਖੇੜਾ, ਅੰਮ੍ਰਿਤਸਰ ਤੇ ਉਸ ਦੇ ਡਰਾਈਵਰ ਹਰਪ੍ਰੀਤ ਸਿੰਘ ਵਾਸੀ ਪਿੰਡ ਮੱਦੋਕੇ, ਮੋਗਾ ਦੇ ਖਿਲਾਫ ਟਰੈਸਪਾਸਿੰਗ ਤੇ ਦੋ ਦਿਨਾਂ ਤੋਂ ਵਧ ਦਿਨਾਂ ਤੱਕ ਮਹਿਤਪੁਰ, ਜਲੰਧਰ ਦੇ ਪਿੰਡ ਉਦੋਵਾਲ ਦੇ ਸਰਪੰਚ ਮਨਪ੍ਰੀਤ ਸਿੰਘ ਦੇ ਘਰ ਬੰਦੂਕ ਦੀ ਨੋਕ ’ਤੇ ਪਨਾਹ ਲੈਣ ਦੇ ਦੋਸ਼ ਵਿੱਚ ਨਵੀਂ ਐਫਆਈਆਰ ਦਰਜ ਕੀਤੀ ਹੈ।
ਇਹ ਵੀ ਪੜ੍ਹੋ: Punjab News: 'ਵਾਰਿਸ ਪੰਜਾਬ ਦੇ' ਜਥੇਬੰਦੀ ਖਿਲਾਫ ਐਕਸ਼ਨ ਮਗਰੋਂ ਸੁਖਬੀਰ ਬਾਦਲ ਦਾ ਵੱਡਾ ਐਲਾਨ
ਦੋਵੇਂ ਮੁਲਜ਼ਮ ਆਪਣੀ ਮਰਸਡੀਜ਼ ਕਾਰ (ਐਚ.ਆਰ.72ਈ.1818) ’ਚ ਆਏ ਸਨ। ਇਸ ਸਬੰਧੀ ਐਫਆਈਆਰ ਨੰ. 28 ਮਿਤੀ 20.3.2023 ਨੂੰ ਆਈ.ਪੀ.ਸੀ. ਦੀਆਂ ਧਾਰਾਵਾਂ 449, 342, 506 ਅਤੇ 34 ਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ ਥਾਣਾ ਮਹਿਤਪੁਰ ਵਿਖੇ ਦਰਜ ਕੀਤੀ ਗਈ ਹੈ। ਆਈਜੀਪੀ ਨੇ ਇਹ ਵੀ ਦੱਸਿਆ ਕਿ ਮੁਹਾਲੀ ਵਿਖੇ ਧਰਨਾ ਵੀ ਚੁੱਕ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 37 ਵਿਅਕਤੀਆਂ ਨੂੰ ਇਹਤਿਆਤਨ ਹਿਰਾਸਤ ਵਿੱਚ ਲਿਆ ਗਿਆ ਹੈ।
ਇਹ ਵੀ ਪੜ੍ਹੋ: Mice Afraid of Bananas: ਚੂਹਿਆਂ ਦਾ ਸਭ ਤੋਂ ਵੱਡਾ ਦੁਸ਼ਮਣ ਬਿੱਲੀਆਂ ਨਹੀਂ ਸਗੋਂ ਕੇਲਾ, ਆਖਰ ਕੇਲਿਆਂ ਤੋਂ ਦੂਰ ਕਿਉਂ ਦੌੜਦੇ ਚੂਹੇ?