ਚੰਡੀਗੜ੍ਹ: ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਵਿੱਚ ਜਾ ਡਟੇ ਕਿਸਾਨਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੱਡਾ ਐਲਾਨ ਕੀਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਨੂੰ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਦੇ ਗੁਰਪੁਰਬ ਵਾਲੇ ਦਿਨ ਕਿਸਾਨਾਂ ਦੇ ਹੱਕ ਵਿੱਚ ਅਰਦਾਸ ਕਰਨ ਦਾ ਆਦੇਸ਼ ਦਿੱਤਾ ਹੈ।
ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਦਿੱਲੀ ਗਏ ਕਿਸਾਨਾਂ ਨੂੰ ਰੋਕਣ ਵਾਸਤੇ ਸਰਕਾਰਾਂ ਵੱਲੋਂ ਅਪਣਾਏ ਤਰੀਕਿਆਂ ਤੇ ਕਿਸਾਨਾਂ ਉਤੇ ਮਾਮਲੇ ਦਰਜ ਕਰਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਸ਼ਾਂਤਮਈ ਵਿਰੋਧ ਪ੍ਰਗਟਾਉਣ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਤੇ ਕੇਂਦਰ ਸਰਕਾਰਾਂ ਨੇ ਰੋਕਾਂ ਲਾ ਕੇ ਇਸ ਤਰ੍ਹਾਂ ਰੋਕਿਆ ਗਿਆ, ਜਿਵੇਂ ਉਹ ਕਿਸਾਨ ਨਾ ਹੋ ਕੇ ਦੁਸ਼ਮਣ ਦੇਸ਼ ਦੇ ਫ਼ੌਜੀ ਹੋਣ।
ਉਨ੍ਹਾਂ ਕਿਹਾ ਕਿ ਰਸਤੇ ਵਿੱਚ ਕਿਸਾਨਾਂ ਉਪਰ ਕੀਤੇ ਗਏ ਜਬਰ-ਜ਼ੁਲਮ ਨੂੰ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਜਥੇਦਾਰ ਨੇ ਇਸ ਮੌਕੇ ਕਿਸਾਨਾਂ ’ਤੇ ਪਾਣੀ ਸੁੱਟ ਰਹੀਆਂ ਜਲ ਤੋਪਾਂ ਦਾ ਮੂੰਹ ਮੋੜਨ ਵਾਲੇ ਨੌਜਵਾਨ ਕਿਸਾਨ ਸਮੇਤ ਹੋਰਨਾਂ ਕਿਸਾਨ ਆਗੂਆਂ ਖ਼ਿਲਾਫ਼ ਹਰਿਆਣਾ ਪੁਲਿਸ ਵੱਲੋਂ ਮਾਮਲੇ ਦਰਜ ਕਰਨ ਦੀ ਨਿਖੇਧੀ ਵੀ ਕੀਤੀ।
ਗਿਆਨੀ ਹਰਪ੍ਰੀਤ ਸਿੰਘ ਨੇ ਜਾਰੀ ਕੀਤੇ ਸੰਦੇਸ਼ ਰਾਹੀਂ ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਉਹ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਅਕਾਲ ਪੁਰਖ ਵਾਹਿਗੁਰੂ ਅੱਗੇ ਕਿਸਾਨਾਂ ਨੂੰ ਬਲ ਤੇ ਕੇਂਦਰ ਸਰਕਾਰ ਨੂੰ ਸੁਮੱਤ ਬਖਸ਼ਣ ਦੀ ਅਰਦਾਸ ਕਰਨ।