ਚੰਡੀਗੜ੍ਹ: ਗੁਰਦਾਸਪੁਰ ਦੇ ਸੰਸਦ ਮੈਂਬਰ ਸੰਨੀ ਦਿਓਲ ਥਾਰ ਦੀ ਸਿਫਾਰਸ਼ ਕਰਕੇ ਪੰਜਾਬ ਵਿੱਚ ਸੁਰਖੀਆਂ ਵਿੱਚ ਹਨ। ਬਾਲੀਵੁੱਡ ਅਦਾਕਾਰ ਤੋਂ ਭਾਜਪਾ ਸੰਸਦ ਮੈਂਬਰ ਬਣੇ ਸੰਨੀ ਨੇ ਪਠਾਨਕੋਟ ਦੀ ਇੱਕ ਆਟੋਮੋਬਾਈਲ ਏਜੰਸੀ ਨੂੰ ਪੱਤਰ ਭੇਜਿਆ ਹੈ ਜਿਸ ਵਿੱਚ ਉਸ ਨੇ ਸੁਜਾਨਪੁਰ ਤੋਂ ਭਾਜਪਾ ਵਿਧਾਇਕ ਦਿਨੇਸ਼ ਸਿੰਘ ਠਾਕੁਰ ਦੀ ਧੀ ਲਈ ਥਾਰ ਦੀ 'ਆਊਟ ਆਫ ਟਰਨ' ਡਿਲਿਵਰੀ ਦੀ ਮੰਗ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਠਾਕੁਰ ਦੀ ਬੇਟੀ ਦਾ ਵਿਆਹ ਹੋਣਾ ਹੈ ਤੇ ਥਾਰ ਦੀ ਉਡੀਕ ਸੂਚੀ ਬਹੁਤ ਲੰਮੀ ਹੈ। ਜਦੋਂ ਉਨ੍ਹਾਂ ਦਾ ਜ਼ੋਰ ਨਾ ਚੱਲਿਆ ਤਾਂ ਸੰਸਦ ਮੈਂਬਰ ਸੰਨੀ ਦਿਓਲ ਤੋਂ ਸਿਫਾਰਸ਼ ਕਰਵਾਈ ਗਈ। ਸੰਨੀ ਦਿਓਲ ਦੀ ਤਰਫੋਂ ਗਰੋਵਰ ਆਟੋਜ਼ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਵਿਧਾਇਕ ਦਿਨੇਸ਼ ਠਾਕੁਰ ਦੀ ਧੀ ਸੁਰਭੀ ਠਾਕੁਰ ਨੇ ਕਾਲੀ ਥਾਰ ਬੁੱਕ ਕਰਵਾਈ ਹੈ। ਇਸ ਦੇ ਬਦਲੇ 21 ਹਜ਼ਾਰ ਦੀ ਅਗਾਉਂ ਅਦਾਇਗੀ ਵੀ ਦਿੱਤੀ ਗਈ ਹੈ। ਉਨ੍ਹਾਂ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ, ਥਾਰ ਦੀ ਸਪੁਰਦਗੀ ਪਹਿਲ ਦੇ ਅਧਾਰ ਤੇ ਕੀਤੀ ਜਾਵੇ।
ਭਾਜਪਾ ਦੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਇਸ ਮੁੱਦੇ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਵਿਧਾਇਕ ਤੇ ਸੰਸਦ ਮੈਂਬਰ ਇਸ ਲਈ ਚੁਣੇ ਜਾਂਦੇ ਹਨ ਕਿਉਂਕਿ ਉਹ ਲੋਕਾਂ ਲਈ ਕੰਮ ਕਰਨ। ਉਹ ਨਿੱਜੀ ਕੰਮ ਤੇ ਸਿਫਾਰਸ਼ ਲਈ ਨਹੀਂ ਚੁਣੇ ਜਾਂਦੇ। ਚੰਗਾ ਹੁੰਦਾ ਜੇ ਵਿਧਾਇਕ ਆਪਣੇ ਸੰਸਦ ਮੈਂਬਰ ਤੋਂ ਆਪਣੇ ਹਲਕੇ ਦੇ ਵਿਕਾਸ ਲਈ ਫੰਡ ਮੰਗਦਾ।
ਸੰਸਦ ਮੈਂਬਰ ਸੰਨੀ ਦਿਓਲ ਦਾ ਇਹ ਪੱਤਰ ਫਰਵਰੀ 2021 ਦਾ ਹੈ। ਹਾਲਾਂਕਿ ਹੁਣ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਪਰ ਲੋਕ ਇਸ ਪੱਤਰ ਨੂੰ ਪੋਸਟ ਕਰਕੇ ਇਸ 'ਤੇ ਬਹੁਤ ਟਿੱਪਣੀਆਂ ਕਰ ਰਹੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ