ਰੌਬਟ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਵਿੱਚ ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਸਿਆਸੀ ਪਾਰਟੀਆਂ ਇੱਕ ਤੋਂ ਬਾਅਦ ਇੱਕ ਵੱਖ-ਵੱਖ ਕਾਰਡ ਖੇਡ ਰਹੀਆਂ ਹਨ।ਕਦੇ ਦਲਿਤ ਉਪ ਮੁੱਖ ਮੰਤਰੀ ਅਤੇ ਕਦੇ 300 ਯੂਨਿਟ ਬਿਜਲੀ ਬਿੱਲ ਮੁਆਫ਼।ਇਸ ਦੌਰਾਨ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਵੱਡਾ ਚੋਣਾਵੀ ਐਲਾਨ ਕਰ ਦਿੱਤਾ ਹੈ।
ਸੁਖਬੀਰ ਬਾਦਲ ਨੇ ਅੱਜ ਆਪਣੇ ਟਵਿੱਟਰ ਹੈਂਡਲ ਤੇ ਐਲਾਨ ਕੀਤਾ ਹੈ ਕਿ ਜੇਕਰ 2022 ਵਿਧਾਨ ਸਭਾ ਚੋਣਾਂ ਵਿੱਚ SAD-BSP ਦੀ ਸਰਕਾਰ ਬਣਦੀ ਹੈ ਤਾਂ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰ ਵਿੱਚ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਏਗੀ।ਇਸਦੇ ਨਾਲ ਹੀ ਕਿਸਾਨ ਦੇ ਬੱਚਿਆਂ ਅਤੇ ਪੋਤੇ ਪੋਤੀਆਂ ਨੂੰ ਪੋਸਟ ਗ੍ਰੈਜੂਏਸ਼ਨ ਤੱਕ ਮੁਫ਼ਤ ਵਿਦਿਆ ਦਿੱਤੀ ਜਾਏਗੀ।ਇਸ ਤੋਂ ਇਲਾਵਾ ਪੂਰੇ ਪਰਿਵਾਰ ਨੂੰ ਹੈਲਥ ਇੰਨਸ਼ੋਰੈਂਸ ਵੀ ਦਿੱਤੀ ਜਾਏਗੀ।
ਦੱਸ ਦੇਈਏ ਕਿ ਕਿਸਾਨ ਅੰਦੋਲਨ ਦੇ 7 ਮਹੀਨੇ ਦੌਰਾਨ ਕਰੀਬ 500 ਕਿਸਾਨ ਸ਼ਹੀਦ ਹੋ ਚੁੱਕੇ ਹਨ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅੰਦੋਲਨ ਕਰ ਰਹੇ ਹਨ। ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਹਨ ਅਤੇ ਕੇਂਦਰ ਸਰਕਾਰ ਤੇ ਦਬਾਅ ਪਾ ਕੇ ਕਾਨੂੰਨ ਰੱਦ ਕਰਵਾਉਣਾ ਚਾਹੁੰਦੇ ਹਨ।