Ganieve Majithia: ਕਪੂਰਥਲਾ ਦੇ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਕਬੱਡੀ ਖਿਡਾਰੀ ਰਣਜੀਤ ਸਿੰਘ ਜੀਤਾ ਮੌੜ ਤੇ ਵਿਧਾਇਕਾ ਗਨੀਵ ਕੌਰ ਮਜੀਠੀਆ ਸਣੇ 17 ਜਣਿਆਂ ਖ਼ਿਲਾਫ਼ ਕਾਲੇ ਧਨ ਨੂੰ ਵੱਖ-ਵੱਖ ਕਲੋਨੀਆਂ ਵਿੱਚ ਨਿਵੇਸ਼ ਕਰਨ ਦੇ ਮਾਮਲੇ ਦੀ ਸੁਣਵਾਈ 4 ਦਸੰਬਰ ਤੱਕ ਟਾਲ ਦਿੱਤੀ ਹੈ। ਦੱਸ ਦਈਏ ਕਿ 27 ਅਕਤੂਬਰ ਨੂੰ ਸੰਮਨ ਜਾਰੀ ਕਰਕੇ ਜਸਟਿਸ ਰਾਕੇਸ਼ ਕੁਮਾਰ ਨੇ ਮੁਲਜ਼ਮਾਂ ਨੂੰ ਅਦਾਲਤ ’ਚ 14 ਨਵੰਬਰ ਨੂੰ ਤਲਬ ਕੀਤਾ ਸੀ। ਇਸ ਮਗਰੋਂ ਪੇਸ਼ ਹੋਣ ਦੀ ਤਰੀਕ 30 ਨਵੰਬਰ ਤੱਕ ਵਧਾ ਦਿੱਤੀ ਗਈ। ਕੇਸ ਦੀ ਅੰਤਿਮ ਸੁਣਵਾਈ ਦੌਰਾਨ ਇੱਕ ਮੁਲਜ਼ਮ ਨੇ ਹੁਕਮ ਵਾਪਸ ਲੈਣ ਲਈ ਅਰਜ਼ੀ ਦਾਖ਼ਲ ਕੀਤੀ ਸੀ। 


ਅਦਾਲਤ ਵਿੱਚ ਸ਼ਿਕਾਇਤਕਰਤਾ ਨੂੰ ਐਤਵਾਰ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਪੇਸ਼ ਹੋਣ ਦੇ ਨਿਰਦੇਸ਼ ਕੀਤੇ ਗਏ ਸਨ, ਜਿਸ ਮਗਰੋਂ ਸ਼ਿਕਾਇਤਕਰਤਾ ਚਰਨ ਸਿੰਘ ਤੇ ਵਾਸੂ ਪਾਠਕ ਨੇ ਅਦਾਲਤ ’ਚ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ। ਇਸ ਕੇਸ ਵਿੱਚ ਜੀਤਾ ਮੌੜ ਮੁੱਖ ਮੁਲਜ਼ਮ ਹੈ ਜਿਸ ਨੂੰ ਐਸਟੀਐਫ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੌ ਗਰਾਮ ਹੈਰੋਇਨ ਤੇ ਇੱਕ ਹਥਿਆਰ ਨਾਲ ਗ੍ਰਿਫ਼ਤਾਰ ਕੀਤਾ ਸੀ। 


ਜੀਤਾ ਮੌੜ ’ਤੇ ਦੋਸ਼ ਹੈ ਕਿ ਉਸ ਨੇ ਕਾਲੇ ਧਨ ਨੂੰ ਵੱਖ-ਵੱਖ ਕਲੋਨੀਆਂ ਵਿੱਚ ਨਿਵੇਸ਼ ਕਰਨ ਦੇ ਨਾਲ-ਨਾਲ ਰਾਜਸੀ ਤੇ ਪੁਲਿਸ ਅਧਿਕਾਰੀਆਂ ਨੂੰ ਖੁਸ਼ ਕਰਨ ਲਈ ਵਰਤਿਆ। ਇਸੇ ਤਰ੍ਹਾਂ ਆਈਪੀਐਸ ਅਫ਼ਸਰ ਤੇ ਸਾਬਕਾ ਡੀਜੀਪੀ ਸੰਜੀਵ ਗੁਪਤਾ, ਉਸ ਦਾ ਪੁੱਤਰ ਸੌਰਭ ਗੁਪਤਾ (ਦੋਵੇਂ ਵਾਸੀ ਪੰਚਕੂਲਾ), ਅੰਮ੍ਰਿਤਸਰ ਵਾਸੀ ਜਗਜੀਤ ਚਾਹਲ ਤੇ ਉਸ ਦੀ ਪਤਨੀ ਇੰਦਰਜੀਤ ਕੌਰ ਨੂੰ ਵੀ ਸੁਲਤਾਨਪੁਰ ਲੋਧੀ ਵਿੱਚ ਜਾਇਦਾਦ ਖਰੀਦਣ ਦੇ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਗਿਆ ਹੈ। ਤਾਜ਼ਾ ਸ਼ਿਕਾਇਤ ਤਹਿਤ 17 ਵਿਅਕਤੀਆਂ ਤਹਿਤ ਕਪੂਰਥਲਾ ਸਦਰ ਥਾਣੇ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਹੈ।


ਇਸ ਤੋਂ ਪਹਿਲਾਂ ਬਿਕਰਮ ਮਜੀਠੀਆ ਨੇ ਕਿਹਾ ਸੀ ਕਿ ਸਾਨੂੰ ਸਾਡੀ ਰਿਹਾਇਸ਼ ’ਤੇ ਇਸ ਸਬੰਧੀ ਕੋਈ ਸੰਮਨ ਨਹੀਂ ਮਿਲਿਆ। ਮੈਨੂੰ ਆਪਣੀ ਪਤਨੀ ਵਿਰੁੱਧ ਸ਼ਿਕਾਇਤ ਸਬੰਧੀ ਬੀਤੇ ਕੱਲ੍ਹ ਹੀ ਵਟਸਐਪ ’ਤੇ ਫਾਰਵਡ ਕੀਤੇ ਗਏ ਸੰਮਨ ਤੋਂ ਪਤਾ ਲੱਗਿਆ ਹੈ। ਅਸੀਂ 14 ਨਵੰਬਰ ਦੇ ਈ-ਕੋਰਟ ਪੋਰਟਲ ਤੋਂ ਆਰਡਰ ਡਾਊਨਲੋਡ ਕੀਤਾ ਹੈ। ਇਸ ਵਿੱਚ ਮੇਰੀ ਪਤਨੀ ਖ਼ਿਲਾਫ਼ ਕਿਸੇ ਸੰਮਨ ਦਾ ਜ਼ਿਕਰ ਨਹੀਂ। ਮਜੀਠੀਆ ਨੇ ਸ਼ਿਕਾਇਤ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਸ਼ਿਕਾਇਤ ਅਨੁਸਾਰ ਨਿਰਧਾਰਤ ਥਾਂ ’ਤੇ ਉਨ੍ਹਾਂ ਨੇ ਜਾਇਦਾਦ ’ਚ ਕੋਈ ਨਿਵੇਸ਼ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰੀ ਪਤਨੀ ਖ਼ਿਲਾਫ਼ ਜਿਹੜੇ ਦੋਸ਼ ਲਾਏ ਗਏ ਹਨ, ਉਹ ਸਭ ਬੇਬੁਨਿਆਦ ਹਨ।