ਚੰਡੀਗੜ੍ਹ: ਕੋਰੋਨਾ ਮਹਾਮਾਰੀ ਦਾ ਖੌਫ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਕਿ ਹੁਣ ਬਰਡ ਫਲੂ ਨੇ ਦਸਤਕ ਦੇ ਦਿੱਤੀ ਹੈ ਜਿਸ ਕਾਰਨ ਪੰਜਾਬ 'ਚ ਪੋਲਟਰੀ ਕਾਰੋਬਾਰ ਤੇ ਦਹਿਸ਼ਤ ਦਾ ਮਾਹੌਲ ਹੈ। ਹਾਲਾਂਕਿ ਸੂਬੇ 'ਚ ਅਜੇ ਤਕ ਬਰਡ ਫਲੂ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਪਰ ਫਿਰ ਵੀ ਸੂਬੇ 'ਚ ਛੇ ਹਜ਼ਾਰ ਕਰੋੜ ਦੇ ਪੋਲਟਰੀ ਕਾਰੋਬਾਰ 'ਤੇ ਇਸ ਦਾ ਅਸਰ ਦਿਖਾਈ ਦੇ ਰਿਹਾ ਹੈ।


ਇੰਡੀਪੈਂਡੇਂਟ ਪੋਲਟਰੀ ਐਸੋਸੀਏਸ਼ਨ ਪੰਜਾਬ ਪ੍ਰਧਾਨ ਸੰਜੇ ਸ਼ਰਮਾ ਨੇ ਦੱਸਿਆ ਕਿ ਪੰਜਾਬ 'ਚ ਹੁਣ ਤਕ ਬਰਡ ਫਲੂ ਦਾ ਕੋਈ ਕੇਸ ਨਹੀਂ ਆਇਆ। ਹਿਮਾਚਲ ਪ੍ਰਦੇਸ਼ 'ਚ ਵਿਦੇਸ਼ ਤੋਂ ਆਏ ਪੰਛੀ ਮ੍ਰਿਤਕ ਮਿਲੇ ਹਨ ਪਰ ਪੋਲਟਰੀ ਫਾਰਮਿੰਗ 'ਤੇ ਇਸ ਦਾ ਅਸਰ ਨਹੀਂ ਹੈ। ਇਸ ਤਰ੍ਹਾਂ ਹਰਿਆਣਾ ਦੇ ਪੋਲਟਰੀ ਫਾਰਮਾ 'ਚ ਕੁਝ ਮੌਤਾਂ ਦੀ ਗੱਲ ਕਹੀ ਜਾ ਰਹੀ ਹੈ ਪਰ ਇਹ ਬਰਡ ਫਲੂ ਦੇ ਕਾਰਨ ਨਹੀਂ।


ਇਸ ਦੇ ਬਾਵਜੂਦ ਪੰਜਾਬ ਦੇ ਪੋਲਟਰੀ ਕਾਰੋਬਾਰ 'ਤੇ ਇਸ ਦਾ ਅਸਰ ਪਿਆ ਹੈ। ਕੁਝ ਦਿਨ ਪਹਿਲਾਂ ਮੁਰਗੇ ਜਾਂ ਮੁਰਗੀ ਦਾ ਰੇਟ 92 ਰੁਪਏ ਪ੍ਰਤੀ ਕਿੱਲੋ ਸੀ, ਬੁੱਧਵਾਰ ਇਹ 65 ਰੁਪਏ ਰਹਿ ਗਿਆ। ਉਨ੍ਹਾਂ ਦਾ ਤਰਕ ਹੈ ਕਿ 2005 'ਚ ਪਹਿਲੀ ਵਾਰ ਬਰਡ ਫਲੂ ਫੈਲਿਆ ਸੀ ਤੇ ਅੱਜ ਤਕ ਇਸ ਨਾਲ ਕਿਸੇ ਵਿਅਕਤੀ ਦੀ ਮੌਤ ਨਹੀਂ ਹੋਈ। ਇਹ ਸਿਰਫ ਪੰਛੀਆਂ 'ਚ ਫੈਲਦਾ ਹੈ। ਵੈਸੇ ਵੀ ਚਿਕਨ ਕਰੀਬ 100 ਡਿਗਰੀ ਤਾਪਮਾਨ 'ਤੇ ਪਕਾਇਆ ਜਾਂਦਾ ਹੈ।


ਐਨੇ ਤਾਪਮਾਨ ਦੇ ਬਾਵਜੂਦ ਬਿਮਾਰੀ ਦਾ ਖਦਸ਼ਾ ਨਹੀਂ ਰਹਿੰਦਾ। ਪਹਿਲਾਂ ਕੋਰੋਨਾ ਨੇ ਪੋਲਟਰੀ ਫਾਰਮ ਦੀ ਖੇਡ ਵਿਗਾੜੀ ਤੇ ਹੁਣ ਬਰਡ ਫਲੂ ਫੈਲ ਗਿਆ। ਇਸ ਮੁੱਦੇ ਨੂੰ ਲੈ ਕੇ ਬੁੱਧਵਾਰ ਐਡੀਸ਼ਨਲ ਚੀਫ ਸੈਕਟਰੀ ਵੀਕੇ ਜੰਝੂਆ ਨੂੰ ਉਹ ਮਿਲੇ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਜ਼ਿਲ੍ਹਾ ਪੱਧਰ 'ਤੇ ਵਿਭਾਗ ਦੇ ਡਾਇਰੈਕਟਰ ਆਮ ਲੋਕਾਂ ਨੂੰ ਜਾਗਰੂਕ ਕਰਨਗੇ।


1963 ਤੋਂ ਪੋਲਟਰੀ ਦੇ ਕਾਰੋਬਾਰ ਨਾਲ ਜੁੜੇ ਲੁਧਿਆਣਾ ਦੇ ਰਹਿਣ ਵਾਲੇ ਡਾਕਟਰ ਆਰਐਸ ਚਾਵਲਾ ਮੁਤਾਬਕ ਬਰਡ ਫਲੂ ਪੰਛੀਆਂ ਨਾਲ ਜੁੜੀ ਬਿਮਾਰੀ ਹੈ। ਇਹ ਇਨਸਾਨਾਂ 'ਚ ਨਹੀਂ ਫੈਲਦਾ। ਉਨ੍ਹਾਂ ਦੱਸਿਆ ਕਿ 57 ਸਾਲ ਦੇ ਕਾਰੋਬਾਰ ਦੌਰਾਨ ਉਨ੍ਹਾਂ ਕਿਸੇ ਪੋਲਟਰੀ ਫਾਰਮ 'ਚ ਬਰਡ ਫਲੂ ਫੈਲਦਾ ਨਹੀਂ ਦੇਖਿਆ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ