Punjab Debt: ਭਾਰਤੀ ਜਨਤਾ ਪਾਰਟੀ ਦੇ ਸਿੱਖ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ ਉੱਤੇ ਵੱਡੇ ਇਲਜ਼ਾਮ ਲਾਏ ਹਨ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹਿਜ਼ 20 ਮਹੀਨਿਆਂ ਵਿੱਚ 60 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਗਿਆ ਹੈ ਤੇ ਇਸ ਨੂੰ ਮਸ਼ਹੂਰੀਆਂ ਤੇ ਕੇਜਰੀਵਾਲ ਟੂਰ ਐਂਡ ਟਰੈਵਲ ਉੱਤੇ ਬਰਬਾਦ ਕਰ ਦਿੱਤਾ ਗਿਆ ਹੈ। ਜੇ ਪੰਜਾਬੀ ਇਕੱਠੇ ਨਹੀਂ ਹੋਏ ਤੇ ਮੁੱਖ ਮੰਤਰੀ ਦੀ ਲੁੱਟ ਦੇ ਖ਼ਿਲਾਫ਼ ਆਵਾਜ਼ ਨਾ ਚੱਕੀ ਤਾਂ ਆਮ ਆਦਮੀ ਪਾਰਟੀ ਪੰਜਾਬ ਨੂੰ ਪੂਰੀ ਤਰ੍ਹਾਂ ਨਾਲ ਬਰਬਾਦ ਕਰ ਦੇਵੇਗੀ।






ਮਨਜਿੰਦਰ ਸਿੰਘ ਸਿਰਸਾ ਨੇ ਅੱਗੇ ਦੱਸਿਆ ਕਿ ਪਿਛਲੇ ਅਤੇ ਇਸ ਮਹੀਨੇ ਵਿਚ ਹੀ 4 ਹਜ਼ਾਰ 400 ਪੰਜਾਹ ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ। ਹੁਣ ਤੱਕ 60 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਜਾ ਚੁੱਕਾ ਹੈ। ਭਾਜਪਾ ਆਗੂ ਨੇ ਕਿਹਾ ਕਿ ਸੂਬੇ ਦੇ ਕਿਸਾਨ ਤੇ ਮਜ਼ਦੂਰ ਕਰਜ਼ੇ ਵਿੱਚ ਡੁੱਬੇ ਹੋਏ ਹਨ। ਉਨ੍ਹਾਂ ਕਿਹਾ ਕਿ ਸੀਐਮ ਭਗਵੰਤ ਮਾਨ ਨੇ ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਕੋਈ ਅਜਿਹਾ ਸੂਬਾ ਨਹੀਂ ਛੱਡਿਆ ਜਿੱਥੇ ਉਨ੍ਹਾਂ ਨੇ ਚੋਣਾਂ ਦੌਰਾਨ ਅਖਬਾਰਾਂ ਵਿੱਚ ਇਸ਼ਤਿਹਾਰ ਨਾ ਦਿੱਤਾ ਹੋਵੇ ਅਤੇ ਨਾ ਹੀ ਪੈਸੇ ਖਰਚ ਕੀਤੇ ਹੋਣ। ਇਸ ਕਾਰਨ ਪੰਜਾਬ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ। ਆਮ ਆਦਮੀ ਪਾਰਟੀ ਪੰਜਾਬ ਦਾ ਕਰਜ਼ਾ ਮੋੜਨ ਦੀ ਗੱਲ ਕਰਦੀ ਸੱਤਾ ਵਿੱਚ ਆਈ ਸੀ ਪਰ ਹੁਣ ਇਸ ਨੇ 60 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੋਰ ਵਧਾ ਦਿੱਤਾ ਹੈ। ਜੇਕਰ ਅਸੀਂ ਇਸੇ ਰਫ਼ਤਾਰ ਨਾਲ ਕਰਜ਼ੇ ਲੈਂਦੇ ਰਹੇ ਤਾਂ ਪੰਜਾਬ ਸਿਰ 10 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਜਾਵੇਗਾ। ਕਈ ਪੀੜ੍ਹੀਆਂ ਤੱਕ ਕਰਜ਼ਾ ਨਹੀਂ ਮੋੜ ਸਕੇਗਾ।


ਰਾਜਪਾਲ ਨੇ 50 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦਾ ਹਿਸਾਬ ਮੰਗਿਆ 


ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵੀ ਪੰਜਾਬ ਦੇ ਕਰਜ਼ੇ ਨੂੰ ਲੈ ਕੇ ਸਵਾਲ ਉਠਾ ਚੁੱਕੇ ਹਨ। ਰਾਜਪਾਲ ਦੀ ਤਰਫੋਂ ਪੰਜਾਬ ਸਰਕਾਰ ਤੋਂ 50 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦਾ ਹਿਸਾਬ ਮੰਗਿਆ ਗਿਆ। ਇਸ ਨੂੰ ਲੈ ਕੇ ਸੂਬੇ 'ਚ ਕਾਫੀ ਸਿਆਸਤ ਗਰਮਾਈ ਹੋਈ ਸੀ।