Punjab Politics:  ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਨੇ 9 ਲੋਕ ਸਭਾ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਦਕਿ ਚਾਰ ਸੀਟਾਂ 'ਤੇ ਐਲਾਨ ਹੋਣਾ ਬਾਕੀ ਹੈ। ਖਾਸ ਗੱਲ ਇਹ ਹੈ ਕਿ ਇਹ ਚਾਰ ਸੀਟਾਂ ਮਾਲਵਾ ਪੱਟੀ ਦੇ ਸੰਗਰੂਰ, ਫਤਹਿਗੜ੍ਹ ਸਾਹਿਬ, ਆਨੰਦਪੁਰ ਸਾਹਿਬ ਅਤੇ ਫ਼ਿਰੋਜ਼ਪੁਰ ਦੀਆਂ ਹਨ।


ਮਾਲਵਾ ਖੇਤਰ ਕਿਸੇ ਸਮੇਂ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਸੀ। ਮਾਲਵੇ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ ਹੁਣ ਇੱਥੇ ਆਪ ਦਾ ਨੈੱਟਵਰਕ ਵੀ ਮਜ਼ਬੂਤ ​​ਹੋ ਗਿਆ ਹੈ। ਮਾਲਵੇ ਵਿੱਚ ਹੀ ਕਈ ਕਿਸਾਨ ਜਥੇਬੰਦੀਆਂ ਭਾਜਪਾ ਦਾ ਵਿਰੋਧ ਕਰ ਰਹੀਆਂ ਹਨ। ਪਾਰਟੀ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਇਨ੍ਹਾਂ ਸਾਰੇ ਪਹਿਲੂਆਂ ਦੀ ਸਮੀਖਿਆ ਕਰ ਰਹੀ ਹੈ ਅਤੇ ਇਨ੍ਹਾਂ ਸਾਰੀਆਂ ਸੀਟਾਂ 'ਤੇ ਸਿੱਖ ਚਿਹਰਿਆਂ 'ਤੇ ਦਾਅ ਲਗਾਉਣ ਦੀ ਰਣਨੀਤੀ ਬਣਾ ਰਹੀ ਹੈ। 


ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦਾ ਮੁਲਾਂਕਣ ਕਰਕੇ ਵੋਟ ਬੈਂਕ ਦੇ ਸਮੀਕਰਨ ਬਣਾਏ ਜਾ ਰਹੇ ਹਨ। ਭਾਜਪਾ ਦੀ ਨਜ਼ਰ ਸ਼ਹਿਰੀ ਖੇਤਰਾਂ 'ਚ ਜਾਤੀ ਸਮੀਕਰਨਾਂ ਅਤੇ ਵੋਟਾਂ 'ਤੇ ਵੀ ਹੈ। ਟਿਕਟਾਂ ਨਾ ਮਿਲਣ ਕਾਰਨ ਨਾਰਾਜ਼ ਚੱਲ ਰਹੇ ਵਿਰੋਧੀ ਪਾਰਟੀਆਂ ਦੇ ਦਾਅਵੇਦਾਰਾਂ 'ਤੇ ਵੀ ਭਾਜਪਾ ਆਪਣੀਆਂ ਨਜ਼ਰਾਂ ਕੇਂਦਰਿਤ ਕਰ ਰਹੀ ਹੈ।


ਪੰਜਾਬ ਦੀ ਸਰਕਾਰ ਬਣਾਉਣ ਵਿੱਚ ਮਾਲਵੇ ਦਾ ਯੋਗਦਾਨ


ਜ਼ਿਕਰ ਕਰ ਦਈਏ ਕਿ 69 ਵਿਧਾਨ ਸਭਾ ਸੀਟਾਂ ਵਾਲੀ ਪੰਥਕ ਮਾਲਵਾ ਪੱਟੀ, ਜੋ ਪੰਜਾਬ ਵਿੱਚ ਸਰਕਾਰ ਚੁਣਨ ਲਈ ਜਾਣੀ ਜਾਂਦੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਨੇ 66 ਸੀਟਾਂ ਜਿੱਤ ਕੇ ਇਸ ਦੱਖਣੀ ਪੱਟੀ ਵਿੱਚ ਡੂੰਘੀ ਪਕੜ ਬਣਾਈ ਹੈ।  ਦੱਸ ਦਈਏ ਕਿ ਗਿੱਦੜਬਾਹਾ ਅਤੇ ਅਬੋਹਰ ਦੀਆਂ ਦੋ ਸੀਟਾਂ ਕਾਂਗਰਸ ਨੇ ਜਿੱਤੀਆਂ, ਜਦਕਿ ਦਾਖਾ ਤੋਂ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ। 'ਆਪ' ਨੇ ਫਿਰੋਜ਼ਪੁਰ, ਪਟਿਆਲਾ, ਸੰਗਰੂਰ, ਫਤਹਿਗੜ੍ਹ ਸਾਹਿਬ, ਬਰਨਾਲਾ, ਫਰੀਦਕੋਟ, ਰੋਪੜ, ਖੰਨਾ ਅਤੇ ਲੁਧਿਆਣਾ (ਦਾਖਾ ਨੂੰ ਛੱਡ ਕੇ) ਜ਼ਿਲ੍ਹਿਆਂ ਵਿੱਚ ਕਲੀਨ ਸਵੀਪ ਕੀਤਾ ਸੀ। ਇਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਪੱਲੇ ਕੁਝ ਨਹੀਂ ਪਿਆ ਸੀ।


ਮਾਲਵਾ ਪੱਟੀ ਸਿਰਫ਼ ਸੀਟਾਂ ਦੀ ਗਿਣਤੀ ਲਈ ਹੀ ਨਹੀਂ, ਸਗੋਂ ਇਸ ਤੱਥ ਲਈ ਵੀ ਮਹੱਤਵ ਰੱਖਦੀ ਹੈ ਕਿ ਤਿੰਨੋਂ ਮੁੱਖ ਮੰਤਰੀ ਦੇ ਚਿਹਰੇ ਮਾਲਵੇ ਚੋਂ ਹੀ ਚੋਣ ਲੜ ਰਹੇ ਸੀ। ਧੂਰੀ ਤੋਂ ‘ਆਪ’ ਦੇ ਭਗਵੰਤ ਮਾਨ ਨੇ ਜਿੱਤ ਹਾਸਲ ਕੀਤੀ, ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਆਪਣੀ ਦੂਜੀ ਸੀਟ ਭਦੌੜ ਤੋਂ ਤੋਂ ਹਾਰ ਗਏ ਅਤੇ ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ। ਇੱਥੋਂ ਤੱਕ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਗੜ੍ਹ ਪਟਿਆਲਾ ਵਿੱਚ ‘ਆਪ’ ਦੀ ਲਹਿਰ ਵਿੱਚ ਰੁੜ੍ਹ ਗਏ ਸਨ।