Punjab politics: ਆਮ ਆਦਮੀ ਪਾਰਟੀ ਤੋਂ ਬਾਅਦ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਨੇ ਵੀ 6 ਉਮੀਦਵਾਰਾਂ ਦਾ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਤੋਂ ਬਾਅਦ ਭਾਜਪਾ ਦੇ ਲੀਡਰ ਤੇ ਵਰਕਰ ਕੁਝ ਖ਼ਾਸ ਖ਼ੁਸ਼ ਨਹੀਂ ਦਿਖਾਈ ਦੇ ਰਹੇ ਹਨ ਕਿਉਂਕਿ ਇਨ੍ਹਾਂ 6 ਵਿੱਚੋਂ ਮਹਿਜ਼ ਇੱਕ ਲੀਡਰ ਹੀ ਭਾਜਪਾ ਦਾ ਟਕਸਾਲੀ ਲੀਡਰ ਕਿਹਾ ਜਾ ਸਕਦਾ ਹੈ ਬਾਕੀ ਤਾਂ 'ਆਇਆ ਰਾਮ ਗਿਆ ਰਾਮ' ਦੀ ਤਿਕੜਮ ਖੇਡ ਕੇ ਬਣੇ ਭਗਵੇ ਰੰਗ ਵਿੱਚ ਰੰਗੇ ਗਏ ਹਨ।


ਪਹਿਲੀ ਵਾਰ ਇਕੱਲਿਆ ਚੋਣਾਂ ਲੜਨ ਦਾ ਡਰ ?


ਜ਼ਿਕਰ ਕਰ ਦਈਏ ਕਿ ਭਾਜਪਾ ਨੇ ਗੁਰਦਾਸਪੁਰ ਤੋਂ ਦਿਨੇਸ਼ ਸਿੰਘ(dinesh singh ), ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ(taranjit singh sandhu), ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ(sushil rinku), ਲੁਧਿਆਣਾ ਤੋਂ ਰਵਨੀਤ ਬਿੱਟੂ (Ravneet Bittu) ਤੇ ਪਟਿਆਲਾ ਤੋਂ ਪ੍ਰਨੀਤ ਕੌਰ(preneet kaur) ਤੇ ਫ਼ਰੀਦਕੋਟ ਤੋਂ ਹੰਸ ਰਾਜ ਹੰਸ ਨੂੰ ਉਮੀਦਵਾਰ ਬਣਾਇਆ ਹੈ। ਗ਼ੌਰ ਕਰਨ ਵਾਲੀ ਗੱਲ ਹੈ 1996 ਤੋਂ ਬਾਅਦ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਆਪਣੇ ਦਮ ਉੱਤੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਲੜਨ ਜਾ ਰਹੀ ਹੈ ਜਿਸਕੇ ਉਹ ਆਪਣੀ ਟਕਸਾਲੀ ਲੀਡਰਾਂ ਦੀ ਥਾਂ ਦਲਬਦਲੂਆਂ ਉੱਤੇ  ਭਰੋਸਾ ਕਰ ਰਹੀ ਹੈ।


ਦਲ ਬਦਲੂਆਂ ਨੇ ਟਕਸਾਲੀ ਭਾਜਪਾ ਲੀਡਰ ਲਾਏ ਖੂੰਝੇ !


ਜੇ ਉਮੀਦਵਾਰਾਂ ਦੇ ਨਾਵਾਂ ਉੱਤੇ ਗ਼ੌਰ ਕੀਤਾ ਜਾਵੇ ਤਾਂ ਪਟਿਆਲਾ ਤੋਂ ਹਾਲ ਹੀ ਵਿੱਚ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਪਰਨੀਤ ਕੌਰ ਨੂੰ ਟਿਕਟ ਦਿੱਤਾ ਗਿਆ ਹੈ। ਇਸ ਤੋਂ ਬਾਅਦ ਜੇ ਗੱਲ ਲੁਧਿਆਣੇ ਦੀ ਕੀਤੀ ਜਾਵੇ ਤਾਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਨੂੰ ਟਿਕਟ ਦਿੱਤਾ ਗਿਆ ਹੈ ਜੋ ਪਿਛਲੇ ਦਿਨੀਂ ਹੀ ਕਾਂਗਰਸ ਤੋਂ ਹੱਥ ਝੁਡਵਾ ਕੇ ਕਮਲ ਵਿੱਚ ਜਾ ਬੈਠੇ ਸਨ। ਇਸ ਤੋਂ ਬਾਅਦ ਜਲੰਧਰ ਵੱਲ ਵੀ ਜੇ ਨਜ਼ਰ ਮਾਰੀ ਤਾਂ ਆਮ ਆਦਮੀ ਪਾਰਟੀ ਦੇ ਇਲਕੌਤੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਟਿਕਟ ਦਿੱਤਾ ਹੈ ਜਿਨ੍ਹਾਂ ਨੇ 2022 ਦੀਆਂ ਚੋਣਾਂ ਕਾਂਗਰਸ ਦੀ ਸੀਟ ਉੱਤੇ ਲੜੀਆ ਸੀ ਤੇ 2023  ਵਿੱਚ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਉੱਤੇ ਤੇ ਹੁਣ ਇਸ ਵਾਰ 2024 ਵਿੱਚ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਤੋਂ ਟਿਕਟ ਮਿਲ ਗਈ ਹੈ। ਇਸ ਤੋਂ ਬਾਅਦ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਦਿੱਲੀ ਤੋਂ ਜਿੱਤਣ ਵਾਲੇ ਪੰਜਾਬੀ ਗਾਇਕ ਹੰਸ ਰਾਜ ਹੰਸ ਦੀ ਕੀਤੀ ਜਾਵੇ ਤਾਂ  ਉਹ ਵੀ ਕੋਈ ਭਾਜਪਾ ਦੇ ਟਕਸਾਲੀ ਲੀਡਰਾਂ ਦੀ ਗਿਣਤੀ ਵਿੱਚ ਨਹੀਂ ਆਉਂਦੇ ਹਨ ਕਿਉਂਕਿ ਉਨ੍ਹਾਂ ਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਲੜੀ ਸੀ ਇਸ ਤੋਂ ਬਾਅਦ ਉਹ ਕਾਂਗਰਸ ਤੇ ਸ਼ਾਮਲ ਹੋ ਗਏ ਪਰ ਜਿੱਤ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਚੋਣ ਉੱਤੇ ਹੀ ਨਸੀਬ ਹੋਈ ਸੀ। ਇਸ ਵਾਰ ਭਾਜਪਾ ਨੇ ਉਨ੍ਹਾਂ ਨੂੰ ਫ਼ਰੀਦਕੋਟ ਤੋਂ ਉਮੀਦਵਾਰ ਐਲਾਨਿਆ ਹੈ।


ਅੰਮ੍ਰਿਤਸਰ ਸੀਟ ਤੋਂ ਸਿੱਖ ਚਿਹਰੇ ਨੂੰ ਐਲਾਨਿਆਂ ਉਮੀਦਵਾਰ


ਉੱਥੇ  ਹੀ ਜੇ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਨੇ ਸਾਬਕਾ ਆਈਐਫਐਸ ਅਧਿਕਾਰੀ ਤਰਨਜੀਤ ਸਿੰਘ ਸੰਧੂ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜੋ ਕਿ ਤੇਜਾ ਸਿੰਘ ਸਮੁੰਦਰੀ ਦੇ ਪਰਿਵਾਰ ਵਿੱਚੋਂ ਹਨ, ਜਿਨ੍ਹਾਂ ਨੇ ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਤਰਨਜੀਤ ਸੰਧੂ ਦਾ ਭਾਜਪਾ ਨਾਲ ਕੋਈ ਵੀ ਸਿੱਧਾ ਸਬੰਧ ਨਹੀਂ ਹੈ ਉਹ ਵੀ ਪਿਛਲੇ ਦਿਨੀਂ ਹੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸਨ।


ਗੁਰਦਾਸਪੁਰ ਵਿੱਚ ਆਪਣੇ ਲੀਡਰ ਉੱਤੇ ਦਿਖਾਇਆ ਭਰੋਸਾ


ਭਾਜਪਾ ਵੱਲੋਂ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਜ਼ਿਲ੍ਹਾ ਪਠਾਨਕੋਟ ਦੇ ਸੁਜਾਨਪੁਰ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਨੂੰ ਟਿਕਟ ਦੇ ਕੇ ਸੰਨੀ ਦਿਓਲ ਦੀ ਟਿਕਟ ਰੱਦ ਕਰ ਦਿੱਤੀ।  ਬੱਬੂ ਸੁਜਾਨਪੁਰ ਤੋਂ ਤਿੰਨ ਵਾਰ ਵਿਧਾਇਕ ਅਤੇ 2012 ਵਿੱਚ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਰਹਿ ਚੁੱਕੇ ਹਨ। ਦਹਾਕਿਆਂ ਬਾਅਦ ਭਾਜਪਾ ਨੇ ਇਸ ਵਾਰ ਕਿਸੇ ਸਥਾਨਕ ਨੇਤਾ 'ਤੇ ਜੂਆ ਖੇਡਿਆ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਸੰਸਦ ਮੈਂਬਰ ਸੰਨੀ ਦਿਓਲ ਨੇ ਪੰਜ ਸਾਲ ਇਸ ਖੇਤਰ ਤੋਂ ਦੂਰੀ ਬਣਾਈ ਰੱਖੀ। ਜਿਸ ਕਾਰਨ ਲੋਕਾਂ ਦਾ ਬਾਹਰੀ ਨੇਤਾ ਤੋਂ ਵਿਸ਼ਵਾਸ ਉੱਠ ਗਿਆ ਹੈ।