Bram Shankar Jimpa today assumed charge as Minister for Revenue, Rehabilitation and Disaster Management, Water Resources and Water Supply and Sanitation at Punjab Civil Secretariat-1


ਚੰਡੀਗੜ੍ਹ: ਬ੍ਰਮ ਸ਼ੰਕਰ ਜਿੰਪਾ ਨੇ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿਖੇ ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ, ਜਲ ਸਰੋਤ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਵਜੋਂ ਅਹੁਦਾ ਸੰਭਾਲਿਆ। ਅਲਾਟ ਕੀਤੇ ਵਿਭਾਗਾਂ ਦਾ ਚਾਰਜ ਸੰਭਾਲਣ ਉਪਰੰਤ ਸ੍ਰੀ ਜਿੰਪਾ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਲਈ ਵਚਨਬੱਧ ਹੈ ਤੇ ਹੁਣ ਸੂਬੇ ਵਿੱਚ ਵਿਕਾਸ ਦੇ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੋਵੇਗੀ।


ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਤਹਿਸੀਲ ਪੱਧਰ 'ਤੇ ਭ੍ਰਿਸ਼ਟਾਚਾਰ ਮੁਕਤ, ਪਾਰਦਰਸ਼ੀ, ਜ਼ਿੰਮੇਵਾਰ, ਜਵਾਬਦੇਹ ਤੇ ਆਸਾਨ ਪਹੁੰਚ ਵਾਲਾ ਪ੍ਰਸ਼ਾਸਨ ਦੇਣ ਲਈ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਿਆ ਜਾਵੇਗਾ। ਭਵਿੱਖੀ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਸਰਕਾਰੀ ਦਫ਼ਤਰਾਂ ਦੀ ਕਾਰਜਕੁਸ਼ਲਤਾ ਨੂੰ ਵਧਾਉਣਾ ਹੈ ਤਾਂ ਜੋ ਆਮ ਨਾਗਰਿਕਾਂ ਤੱਕ ਲੋੜੀਂਦੀਆਂ ਸੇਵਾਵਾਂ ਆਸਾਨੀ ਨਾਲ ਪਹੁੰਚਾਈਆਂ ਜਾ ਸਕਣ। ਉਨ੍ਹਾਂ ਕਿਹਾ, "ਮਾਲ ਵਿਭਾਗ ਦੇ ਤਹਿਸੀਲ ਪੱਧਰੀ ਦਫ਼ਤਰਾਂ ਵਿੱਚ ਵਧੀਆ ਪ੍ਰਸ਼ਾਸਨ ਨੂੰ ਯਕੀਨੀ ਬਣਾਇਆ ਜਾਵੇਗਾ ਤੇ ਲੋਕਾਂ ਦੀ ਸਹੂਲਤ ਲਈ ਮਾਲ ਰਿਕਾਰਡ ਦਾ ਅਨੁਵਾਦ ਵੀ ਕੀਤਾ ਜਾਵੇਗਾ।"


ਉਨ੍ਹਾਂ ਭਰੋਸਾ ਦਿੱਤਾ ਕਿ ਉਹ ਲੋਕਾਂ ਦੀਆਂ ਆਸਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਨਗੇ ਤੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਅੱਗੇ ਕਿਹਾ ਕਿ ਸਾਰੇ ਵਿਭਾਗਾਂ ਦੇ ਕੰਮਕਾਜ ਤੇ ਕਾਰਜਕੁਸ਼ਲਤਾ ਵਿੱਚ ਸੁਧਾਰ ਕੀਤਾ ਜਾਵੇਗਾ ਤਾਂ ਜੋ ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਮੰਤਵ ਸੂਬੇ ਦੇ ਕੁਦਰਤੀ ਸੋਮਿਆਂ ਨੂੰ ਬਚਾਉਣਾ ਹੋਵੇਗਾ।


ਉਨ੍ਹਾਂ ਅੱਗੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਠੋਸ ਉਪਰਾਲੇ ਕੀਤੇ ਜਾਣਗੇ ਅਤੇ ਸਰਕਾਰ ਮੀਂਹ ਦੇ ਪਾਣੀ ਦੀ ਸੰਭਾਲ ਲਈ ਵੱਡੇ ਪੱਧਰ 'ਤੇ ਪ੍ਰਾਜੈਕਟਾਂ ਨੂੰ ਅੱਗੇ ਵਧਾਏਗੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਸਲ ਸਪਲਾਈ ਸਕੀਮਾਂ ਉਤੇ ਬਿਜਲੀ ਬਿੱਲਾਂ ਦੇ ਬੋਝ ਨੂੰ ਘਟਾਉਣ ਲਈ ਸਾਧਾਰਨ ਪਾਵਰ ਪੰਪਾਂ ਨੂੰ ਸੂਰਜੀ ਊਰਜਾ ਨਾਲ ਚੱਲਣ ਵਾਲੇ ਪੰਪਾਂ ਵਿੱਚ ਤਬਦੀਲ ਕਰਨ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਇਸ ਸਰਕਾਰ ਵਿੱਚ ਵਿਸ਼ਵਾਸ ਬਣਾਈ ਰੱਖਣ ਕਿਉਂਕਿ ਇਨ੍ਹਾਂ ਮਹੱਤਵਪੂਰਨ ਪ੍ਰਾਜੈਕਟਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਤੇ ਸਕਾਰਾਤਮਕ ਨਤੀਜਿਆਂ ਲਈ ਕੁਝ ਸਮਾਂ ਲੱਗ ਸਕਦਾ ਹੈ।


ਜ਼ਿਕਰਯੋਗ ਹੈ ਕਿ ਸਾਬਕਾ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਹਰਾ ਕੇ ਹੁਸ਼ਿਆਰਪੁਰ ਤੋਂ ਵਿਧਾਇਕ ਬਣੇ ਜਿੰਪਾ ਪੀ.ਐਸ.ਆਈ.ਡੀ.ਸੀ. ਦੇ ਵਾਈਸ ਚੇਅਰਮੈਨ ਤੇ ਉਹ 2003 ਤੋਂ 2022 ਤੱਕ ਲਗਾਤਾਰ ਚਾਰ ਵਾਰ ਮਿਉਂਸਪਲ ਕਮੇਟੀ ਹੁਸ਼ਿਆਰਪੁਰ ਦੇ ਕੌਂਸਲਰ ਵੀ ਰਹੇ ਹਨ।


ਇਹ ਵੀ ਪੜ੍ਹੋ: Punjab News: ਨਾਜਾਇਜ਼ ਮਾਈਨਿੰਗ 'ਤੇ ਸ਼ਿਕੰਜੇ ਦੀ ਤਿਆਰੀ, ਕੈਬਨਿਟ ਮੰਤਰੀ ਬੈਂਸ ਵੱਲੋਂ ਮਾਹਿਰਾਂ ਨਾਲ ਮੀਟਿੰਗ