ਅੰਮ੍ਰਿਤਸਰ: ਇੱਕ ਪਾਸੇ ਜਿੱਥੇ ਅੱਜ ਪੂਰੇ ਦੇਸ਼ ਵਿੱਚ ਨਸ਼ਾ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ, ਉੱਥੇ ਹੀ ਦੇਸ਼ ਦੀ ਸਰਹੱਦ 'ਤੇ ਤਾਇਨਾਤ ਰਹਿਣ ਵਾਲੀ ਬੀਐਸਐਫ ਦਾ ਜਵਾਨ ਨਸ਼ਾ ਤਸਕਰੀ ਦੇ ਇਲਜ਼ਾਮ ਤਹਿਤ ਫੜਿਆ ਗਿਆ ਹੈ। ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਇਸ ਜਵਾਨ ਨੂੰ ਇੱਕ ਕਿੱਲੋ ਤੋਂ ਵੱਧ ਹੈਰੋਇਨ ਨਾਲ ਫੜਿਆ ਹੈ। ਇਸ ਦੇ ਨਾਲ ਹੀ ਸਵਾਲ ਖੜ੍ਹੇ ਹੋ ਗਏ ਹਨ ਕਿ ਸਰਹੱਦ 'ਤੇ ਰਾਖੇ ਹੀ ਨਸ਼ਾ ਤਸਕਰਾਂ ਨਾਲ ਮਿਲੇ ਹੋਏ ਹਨ? ਐਸਟੀਐਫ ਨੇ ਨਾਲ ਹੀ ਅੰਮ੍ਰਿਤਸਰ ਦੇ ਰਹਿਣ ਵਾਲੇ ਚਾਰ ਹੋਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਪੰਜਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਹੁਣ ਪੁੱਛਗਿਛ ਕਰ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਕੁੱਲ 1 ਕਿੱਲੋ 320 ਗ੍ਰਾਮ ਹੈਰੋਇਨ, ਇੱਕ ਲੱਖ ਸੌਲਾਂ ਹਜ਼ਾਰ ਦੀ ਨਕਦੀ ਤੇ ਕਰੇਟਾ ਕਾਰ ਵੀ ਬਰਾਮਦ ਕੀਤੀ ਹੈ।
ਐਸਟੀਐਫ ਦੇ ਏਆਈਜੀ ਰਛਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਟੀਮ ਨੇ ਗਵਾਲ ਬੰਦੀ ਵਿੱਚ ਨਾਕੇਬੰਦੀ ਦੌਰਾਨ ਕਰੇਟਾ ਕਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਚਾਰ ਨੌਜਵਾਨਾਂ ਕੋਲੋਂ 305 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਦੇ ਨਾਲ ਹੀ ਇੱਕ ਲੱਖ ਸੌਲਾਂ ਹਜ਼ਾਰ ਦੀ ਨਕਦੀ ਬਰਾਮਦ ਕੀਤੀ ਗਈ। ਐਸਟੀਐਫ ਨੇ ਇਸ ਕੇਸ ਵਿੱਚ ਗ੍ਰਿਫਤਾਰ ਕੀਤੇ ਗੌਰਵ ਸ਼ਰਮਾ, ਅਸ਼ਵਨੀ ਕੁਮਾਰ ਉਰਫ ਜਲੇਬੀ, ਪਵਨ ਕੁਮਾਰ ਤੇ ਰਾਜਿੰਦਰ ਸਿੰਘ ਰਾਜੂ ਕੋਲੋਂ ਪੁੱਛਗਿਛ ਦੌਰਾਨ ਜਦੋਂ ਤਫਤੀਸ਼ ਨੂੰ ਅੱਗੇ ਵਧਾਇਆ ਤਾਂ ਪਤਾ ਲੱਗਾ ਕਿ ਇਹ ਚਾਰੇ ਦਰਬਾਰ ਸਾਹਿਬ ਅੰਮ੍ਰਿਤਸਰ ਕੋਲ ਹੋਟਲ ਵਿੱਚ ਠਹਿਰੇ ਸੁਸ਼ੀਲ ਕੁਮਾਰ ਨਾਮ ਦੇ ਵਿਅਕਤੀ ਕੋਲੋਂ ਹੈਰੋਇਨ ਲਿਆ ਰਹੇ ਹਨ। ਉਸ ਨੇ ਬੀਤੀ ਸ਼ਾਮ ਫਿਰ ਇਨ੍ਹਾਂ ਨੂੰ ਵੇਚੀ ਹੈਰੋਇਨ ਦੇ ਪੈਸੇ ਲੈਣ ਆਉਣਾ ਸੀ।
ਏਆਈਜੀ ਰਛਪਾਲ ਸਿੰਘ ਮੁਤਾਬਕ ਪੁਲਿਸ ਨੇ ਬੀਤੀ ਰਾਤ ਜਦੋਂ ਨਾਕੇਬੰਦੀ ਦੌਰਾਨ ਸੁਸ਼ੀਲ ਕੁਮਾਰ ਨੂੰ ਟਰੈਪ ਕਰਕੇ ਗ੍ਰਿਫਤਾਰ ਕੀਤਾ ਤਾਂ ਪੁਛਗਿੱਛ ਵਿੱਚ ਪਤਾ ਲੱਗਾ ਕਿ ਸੁਸ਼ੀਲ ਕੁਮਾਰ ਬੀਐਸਐਫ ਦਾ ਸੈਨਿਕ ਹੈ ਤੇ 2016 ਤੋਂ 2019 ਤੱਕ ਬੀਐਸਐਫ ਦੀ ਪਾਕਿਸਤਾਨ ਨਾਲ ਲੱਗਦੀ ਪੋਸਟ ਢੋਕੇ ਅਧੀਨ ਭਿੱਖੀਵਿੰਡ ਖੇਤਰ ਵਿੱਚ ਤਾਇਨਾਤ ਰਿਹਾ ਸੀ। ਸੁਸ਼ੀਲ ਕਬੱਡੀ ਦਾ ਖਿਡਾਰੀ ਹੈ।
ਸੁਸ਼ੀਲ ਨੂੰ ਇਸੇ ਸਾਲ ਸਰਦੀ ਵਿੱਚ ਧੁੰਦ ਦੌਰਾਨ ਹੈਰੋਇਨ ਦੇ ਚਾਰ ਪੈਕਟ ਲੱਭੇ ਸੀ ਜੋ ਇਸ ਨੇ ਆਪਣੇ ਅਧਿਕਾਰੀਆਂ ਨੂੰ ਬਿਨਾਂ ਦੱਸੇ ਆਪਣੇ ਕੁਆਰਟਰਾਂ ਵਿੱਚ ਰੱਖ ਲਏ। ਫਿਰ ਇਸ ਦੀ ਬਦਲੀ ਹਰਿਆਣਾ ਦੇ ਝੱਜਰ ਵਿੱਚ ਹੋ ਗਈ ਤਾਂ ਇਹ ਹੈਰੋਇਨ ਨੂੰ ਆਪਣੇ ਨਾਲ ਲੈ ਕੇ ਅੰਮ੍ਰਿਤਸਰ ਵਿੱਚ ਵੇਚਣ ਆਇਆ ਸੀ। ਪੁਲਿਸ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਇਸ ਨੇ ਹੋਟਲ ਦੇ ਮੁਲਾਜ਼ਮਾਂ ਰਾਹੀਂ ਅੰਮ੍ਰਿਤਸਰ ਦੇ ਉਕਤ ਚਾਰ ਨੌਜਵਾਨਾਂ ਨਾਲ ਹੈਰੋਇਨ ਵੇਚਣ ਲਈ ਸੰਪਰਕ ਕੀਤਾ।
ਬੀਐਸਐਫ ਦੇ ਉੱਚ ਅਧਿਕਾਰੀ ਵੀ ਸੁਸ਼ੀਲ ਕੁਮਾਰ ਕੋਲੋਂ ਪੁੱਛਗਿਛ ਕਰ ਚੁੱਕੇ ਹਨ। ਐਸਟੀਐਫ ਨੇ ਸੁਸ਼ੀਲ ਕੁਮਾਰ ਦਾ ਮੋਬਾਈਲ ਜ਼ਬਤ ਕਰ ਲਿਆ ਹੈ ਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹਾਲੇ ਸੁਸ਼ੀਲ ਦੀ ਗ੍ਰਿਫਤਾਰੀ ਨੂੰ ਹੋਇਆ ਥੋੜ੍ਹਾ ਹੀ ਸਮਾਂ ਹੋਇਆ ਹੈ। ਇਸ ਦੀ ਪੁੱਛਗਿੱਛ ਚੱਲੇਗੀ ਪਰ ਇਸ ਗੱਲ ਤੋਂ ਐਸਟੀਐਫ ਨੇ ਇਨਕਾਰ ਨਹੀਂ ਕੀਤਾ ਕਿ ਇਸ ਦੇ ਕ੍ਰਾਸ ਬਾਰਡਰ ਲਿੰਕ ਹੋ ਸਕਦੇ ਹਨ, ਇਸ ਬਾਰੇ ਜਾਂਚ ਹਾਲੇ ਜਾਰੀ ਹੈ।
ਬੀਐਸਐਫ ਦੀ ਵਰਦੀ 'ਤੇ 'ਚਿੱਟੇ' ਦਾ 'ਦਾਗ', ਸੁਸ਼ੀਲ ਦੀ ਗ੍ਰਿਫਤਾਰੀ ਮਗਰੋਂ ਖੜ੍ਹੇ ਸਵਾਲ
ਏਬੀਪੀ ਸਾਂਝਾ
Updated at:
26 Jun 2019 05:04 PM (IST)
ਇੱਕ ਪਾਸੇ ਜਿੱਥੇ ਅੱਜ ਪੂਰੇ ਦੇਸ਼ ਵਿੱਚ ਨਸ਼ਾ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ, ਉੱਥੇ ਹੀ ਦੇਸ਼ ਦੀ ਸਰਹੱਦ 'ਤੇ ਤਾਇਨਾਤ ਰਹਿਣ ਵਾਲੀ ਬੀਐਸਐਫ ਦਾ ਜਵਾਨ ਨਸ਼ਾ ਤਸਕਰੀ ਦੇ ਇਲਜ਼ਾਮ ਤਹਿਤ ਫੜਿਆ ਗਿਆ ਹੈ। ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਇਸ ਜਵਾਨ ਨੂੰ ਇੱਕ ਕਿੱਲੋ ਤੋਂ ਵੱਧ ਹੈਰੋਇਨ ਨਾਲ ਫੜਿਆ ਹੈ। ਇਸ ਦੇ ਨਾਲ ਹੀ ਸਵਾਲ ਖੜ੍ਹੇ ਹੋ ਗਏ ਹਨ ਕਿ ਸਰਹੱਦ 'ਤੇ ਰਾਖੇ ਹੀ ਨਸ਼ਾ ਤਸਕਰਾਂ ਨਾਲ ਮਿਲੇ ਹੋਏ ਹਨ? ਐਸਟੀਐਫ ਨੇ ਨਾਲ ਹੀ ਅੰਮ੍ਰਿਤਸਰ ਦੇ ਰਹਿਣ ਵਾਲੇ ਚਾਰ ਹੋਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਪੰਜਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਹੁਣ ਪੁੱਛਗਿਛ ਕਰ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਕੁੱਲ 1 ਕਿੱਲੋ 320 ਗ੍ਰਾਮ ਹੈਰੋਇਨ, ਇੱਕ ਲੱਖ ਸੌਲਾਂ ਹਜ਼ਾਰ ਦੀ ਨਕਦੀ ਤੇ ਕਰੇਟਾ ਕਾਰ ਵੀ ਬਰਾਮਦ ਕੀਤੀ ਹੈ।
- - - - - - - - - Advertisement - - - - - - - - -