ਚੰਡੀਗੜ੍ਹ/ਸੰਗਰੂਰ : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਨੇ ਅੱਜ ਸੰਗਰੂਰ ਜ਼ਿਲ੍ਹੇ ’ਚ 600 ਏਕੜ ਜ਼ਮੀਨ ’ਤੇ ਜੰਗਲ ਤਿਆਰ ਕਰਨ ਲਈ ਉਲੀਕੀ ‘ਅੰਮ੍ਰਿਤ ਵਣ’ ਨਾਂ ਦੀ ਮੁਹਿੰਮ ਦੀ ਪਿੰਡ ਬਡਰੁੱਖਾਂ ਵਿਖੇ ਬੂਟਾ ਲਾ ਕੇ ਸ਼ੁਰੂਆਤ ਕੀਤੀ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ‘ਅੰਮ੍ਰਿਤ ਵਣ’ ਨਾਂ ਦੀ ਇਸ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਊਂਡ ਗਲਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਸੰਗਰੂਰ ਜ਼ਿਲੇ ’ਚ ਜੰਗਲ ਹੇਠਲੇ ਰਕਬੇ ਨੂੰ ਵਧਾਉਣ ਦੀ ਇੱਕ ਨਵੇਕਲੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਵਾਤਾਵਰਨ ਮੁਹੱਈਆ ਕਰਵਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਆਧੁਨਿਕਤਾ ਦੇ ਪ੍ਰਭਾਵ ਹੇਠ ਪਿੰਡਾਂ ਵਿੱਚੋਂ ਜੰਗਲ ਅਲੋਪ ਹੁੰਦੇ ਗਏ ਜਿਸ ਦਾ ਨੁਕਸਾਨ ਅੱਜ ਹਰ ਕੋਈ ਭੁਗਤ ਰਿਹਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਨਾਲ ਜਿੱਥੇ ਵਣਾਂ ਨੂੰ ਵਿਕਸਤ ਕੀਤਾ ਜਾ ਸਕੇਗਾ ਉਥੇ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇਹ ਵਣ ਕੁਦਰਤ ਨਾਲ ਨੇੜਿਓਂ ਸਾਂਝ ਪਾਉਣ ਦੇ ਸਮਰੱਥ ਬਣਨਗੇ। ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਗਏ ਵਾਅਦੇ ਤਹਿਤ ਪਹਿਲਾਂ ਤਾਂ ਨਾਜਾਇਜ਼ ਤੌਰ ’ਤੇ ਦੱਬੀਆਂ ਪੰਚਾਇਤੀ ਜ਼ਮੀਨਾਂ ਛੁਡਵਾਉਣ ਲਈ ਮੁਹਿੰਮ ਸਫ਼ਲਤਾ ਪੂਰਵਕ ਚਲਾਈ ਗਈ ਸੀ।
ਹੁਣ ਸੰਘਣੇ ਜੰਗਲ ਲਾਉਣ ਲਈ ਸ਼ੁਰੂ ਕੀਤੀ ਗਈ ਇਹ ਮੁਹਿੰਮ ਪੰਜਾਬ ਨੂੰ ਮੁੜ ਹਰਿਆ-ਭਰਿਆ ਬਣਾਉਣ ’ਚ ਸਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਾਂਗ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਸਰਬਪੱਖੀ ਵਿਕਾਸ ਦਾ ਨਕਸ਼ਾ ਤਿਆਰ ਕਰ ਲਿਆ ਗਿਆ ਹੈ ਜਿਸ ਤਹਿਤ ਜਲਦ ਹੀ ਜ਼ਮੀਨੀ ਪੱਧਰ ‘ਤੇ ਅਸਲ ਵਿਕਾਸ ਨਜ਼ਰ ਆਵੇਗਾ।
ਅਮਨ ਅਰੋੜਾ ਨੇ ਦੱਸਿਆ ਕਿ ਪੂਰੇ ਸੰਗਰੂਰ ਜ਼ਿਲੇ ’ਚ 8 ਬਲਾਕ ਹਨ ਅਤੇ ਇਸ ਮੁਹਿੰਮ ਤਹਿਤ ਹਰ ਬਲਾਕ ’ਚ 75 ਏਕੜ ਜ਼ਮੀਨ ਦੀ ਪਛਾਣ ਕੀਤੀ ਜਾ ਰਹੀ ਹੈ ਜਿੱਥੇ ਹਰਿਆਲੀ ਲਈ ਸੰਘਣੇ ਵਣ ਲਾਏ ਜਾਣੇ ਹਨ। ਉਨਾਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਨਵੀਂ ਪੀੜੀ ਦੀ ਜੰਗਲਾਂ ਨਾਲ ਸਾਂਝ ਪਵਾਉਣਾ ਹੈ ਅਤੇ ਇਸ ਨਾਲ ਨਾ ਸਿਰਫ਼ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ’ਚ ਮਦਦ ਮਿਲੇਗੀ ਸਗੋਂ ਅਨੇਕਾਂ ਪਸ਼ੂ-ਪੰਛੀਆਂ ਤੇ ਜੀਵ-ਜੰਤੂਆਂ ਨੂੰ ਰਹਿਣ ਲਈ ਵਸੇਬਾ ਮਿਲੇਗਾ। ਉਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਘੱਟ ਤੋਂ ਘੱਟ 1 ਕਨਾਲ ਤੋਂ ਲੈ ਕੇ 10 ਏਕੜ ਰਕਬੇ ’ਤੇ ਪੰਜਾਬ ਦੇ ਰਿਵਾਇਤੀ ਕਿਸਮਾਂ ਦੇ ਬੂਟੇ ਹੀ ਲਾਏ ਜਾਣਗੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਜੰਗਲਾਂ ਹੇਠ ਰਕਬਾ ਵਧਾਉਣ ਦੇ ਨਾਲ-ਨਾਲ ਇਸ ਮੁਹਿੰਮ ਤਹਿਤ ਲੋਕਾਂ ਤੇ ਪੰਚਾਇਤਾਂ ਦੀ ਆਮਦਨ ’ਚ ਵਾਧਾ ਕਰਨ ਦਾ ਵੀ ਟੀਚਾ ਰੱਖਿਆ ਗਿਆ ਹੈ ਜਿਸ ਤਹਿਤ ਪਿੰਡਾਂ ’ਚ ਬਾਗ਼ ਵੀ ਲਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਲਾਏ ਜਾਣ ਵਾਲੇ ਬੂਟਿਆਂ ਅਤੇ ਇਨਾਂ ਦੀ ਸਾਂਭ-ਸੰਭਾਲ ਮਗਨਰੇਗਾ ਸਕੀਮ ਤਹਿਤ ਕੀਤੀ ਜਾਵੇਗੀ ਜਿਸ ਤਹਿਤ ਪਹਿਲੇ ਸਾਲ ਹੀ 6,60,000 ਦਿਹਾੜੀਆਂ ਦਾ ਰੋਜ਼ਗਾਰ ਪੈਦਾ ਹੋਵੇਗਾ। ਉਨਾਂ ਕਿਹਾ ਕਿ ਇਸੇ ਤਰਾਂ ਬੂਟਿਆਂ ਦੀ ਸੰਭਾਲ ਲਈ ਦੂਜੇ ਸਾਲ ਵਣ ਮਿੱਤਰਾਂ ਨੂੰ ਤਕਰੀਬਨ 3 ਲੱਖ ਦਿਹਾੜੀਆਂ ਦਾ ਰੋਜ਼ਗਾਰ ਦਿੱਤਾ ਜਾਵੇਗਾ।