Mohali News : ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਹਲਕਾ ਖਰੜ ਦੇ ਪਿੰਡ ਕੁੱਬਾਹੇੜੀ ਵਿਖੇ ਹਲਕੇ ਦੇ ਵੱਖੋ ਵੱਖ ਪਿੰਡਾਂ ਦੇ ਹੜ੍ਹ ਪੀੜਤਾਂ ਨੂੰ ਮਾਲੀ ਸਹਾਇਤਾ ਦੇ ਚੈਕ ਸੌਂਪਣ ਮੌਕੇ ਕਿਹਾ ਕਿ ਪੰਜਾਬ ਸਰਕਾਰ ਹਰ ਹਾਲ ਲੋਕਾਂ ਦੇ ਨਾਲ ਖੜ੍ਹੀ ਹੈ ਤੇ ਲੋਕਾਂ ਦੀ ਹੜ੍ਹਾਂ ਕਾਰਨ ਪ੍ਰਭਾਵਿਤ ਹੋਈ ਜ਼ਿੰਦਗੀ ਮੁੜ੍ਹ ਲੀਹ ਉੱਤੇ ਲੈਕੇ ਆਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ।



ਇਸ ਮੌਕੇ ਸਤਨਾਮ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਟਾਂਡਾ ਨੂੰ 01 ਲੱਖ ਰੁਪਏ, ਵਿਜੈ ਕੁਮਾਰ ਪੁੱਤਰ ਸਤਪਾਲ ਸਿੰਘ ਨੂੰ 50 ਹਜ਼ਾਰ ਰੁਪਏ, ਗੁਰਮੇਲ ਸਿੰਘ ਖਿਜ਼ਰਾਬਾਦ ਨੂੰ 01 ਲੱਖ ਰੁਪਏ, ਮਾਜਰੀ ਤੋਂ ਮੀਨਾ ਨੂੰ 01 ਲੱਖ ਰੁਪਏ, ਕੁਬਾਹੇੜੀ ਤੋਂ ਬਹਾਦਰ ਸਿੰਘ ਪੁੱਤਰ ਅਵਤਾਰ ਸਿੰਘ ਨੂੰ 01 ਲੱਖ ਰੁਪਏ ਅਤੇ ਅੰਗਰੇਜ਼ ਕੌਰ ਪਤਨੀ ਸੁਰਜੀਤ ਸਿੰਘ ਨੂੰ 50 ਹਜ਼ਾਰ ਰੁਪਏ ਮਾਲੀ ਸਹਾਇਤਾ ਦਾ ਚੈੱਕ ਸੌਂਪਿਆ ਗਿਆ।

ਇਸ ਮੌਕੇ ਪਿੰਡ ਕੁੱਬਾਹੇੜੀ ਦੇ ਲੋਕਾਂ ਵੱਲੋਂ ਪਿੰਡ ਦੇ ਗੇਟ ਸਬੰਧੀ ਮੁਰੰਮਤ ਦਾ ਕੰਮ, ਸ਼ਮਸ਼ਾਨਘਾਟ ਦੀ ਚਾਰਦੀਵਾਰੀ, ਪੁਲੀਆਂ ਦਾ ਕੰਮ ਕਰਵਾਉਣ, ਸੋਲਰ ਲਾਈਟਾਂ ਲਾਉਣ, ਲੋਕਾਂ ਦੇ ਘਰਾਂ ਉੱਪਰ ਦੀ ਲੰਘੀ ਬਿਜਲੀ ਦੀ ਵੱਡੀ ਲਾਈਨ ਪਾਸੇ ਕਰਵਾਉਣ, ਬੋਰ ਕਰਵਾਉਣ ਸਮੇਤ ਵੱਖੋ ਵੱਖ ਮੰਗਾਂ ਰੱਖੀਆਂ ਗਈਆਂ, ਜਿਨ੍ਹਾਂ ਦੀ ਪੂਰਤੀ ਦਾ ਵਾਅਦਾ ਕਰਦਿਆਂ ਕੈਬਨਿਟ ਮੰਤਰੀ ਨੇ ਆਪਣੇ ਅਖਤਿਆਰੀ ਫੰਡ ਵਿੱਚੋਂ 05 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਵਿੱਚ ਜਾਨਾਂ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ 04-04 ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਦੀ ਕਾਰਵਾਈ ਜਾਰੀ ਹੈ ਤੇ ਜਲਦੀ ਹੀ ਇਹ ਰਾਸ਼ੀ ਪੀੜਤ ਪਰਿਵਾਰਾਂ ਦੇ ਖਾਤਿਆਂ ਵਿਚ ਪੁੱਜ ਜਾਵੇਗੀ।

ਪੰਜਾਬ ਸਰਕਾਰ ਵੱਲੋਂ ਜਿਥੇ ਹੜ੍ਹਾਂ ਕਾਰਨ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਦੇਣ ਬਾਰੇ ਵੀ ਕਾਰਵਾਈ ਕੀਤੀ ਜਾ ਰਹੀ ਹੈ, ਉਥੇ ਹੀ ਹੜ੍ਹਾਂ ਕਾਰਨ ਹੋਏ ਜਾਨੀ ਨੁਕਸਾਨ ਦੀ ਭਰਪਾਈ ਕਰਨ ਲਈ ਵੀ ਤੇਜ਼ੀ ਨਾਲ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕਿ ਕਿਸੇ ਵੀ ਪਰਿਵਾਰ ਦੇ ਮੈਂਬਰ ਦੀ ਮੌਤ ਹੋਣ ਨਾਲ ਪਏ ਘਾਟੇ ਨੂੰ ਪੂਰਿਆ ਨਹੀਂ ਜਾ ਸਕਦਾ ਪ੍ਰੰਤੂ ਉਸ ਪਰਿਵਾਰ ਦੀ ਆਰਥਿਕ ਮਦਦ ਕਰਕੇ ਪਰਿਵਾਰ ਨੂੰ ਕੁਝ ਰਾਹਤ ਜਰੂਰ ਦਿੱਤੀ ਜਾ ਸਕਦੀ ਹੈ ਜੋ ਕਿ ਸਰਕਾਰ ਵੱਲੋਂ ਪੂਰੀ ਇਮਾਨਦਾਰੀ ਨਾਲ ਕੀਤੀ ਜਾ ਰਹੀ ਹੈ।

ਕੈਬਨਿਟ ਮੰਤਰੀ ਨੇ ਇਸ ਮੌਕੇ ਦੱਸਿਆ ਕਿ ਹਲਕੇ ਦੇ 104 ਕੱਚੇ ਘਰ ਪੱਕੇ ਕਰਵਾਉਣ ਸਬੰਧੀ ਕੇਸ ਪਾਸ ਕਰਵਾ ਲਏ ਗਏ ਹਨ। ਜਲਦ ਹੀ ਲੋੜਵੰਦਾਂ ਨੂੰ ਇਸ ਦਾ ਲਾਭ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਹੜ੍ਹ ਪੀੜਤਾਂ ਦੀ ਸਹਾਇਤਾ ਵਿਚ  ਮਨਮੋਹਨ ਸਿੰਘ ਨੇ ਵੱਡਾ ਯੋਗਦਾਨ ਪਾਇਆ ਹੈ, ਜਿਨ੍ਹਾਂ ਦੀ ਕੈਬਨਿਟ ਮੰਤਰੀ ਨੇ ਭਰਵੀਂ ਸ਼ਲਾਘਾ ਕੀਤੀ।