ਚੰਡੀਗੜ੍ਹ: ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਉੱਘੇ ਪੰਜਾਬੀ ਨਾਵਲਕਾਰ ਮੋਹਨ ਕਾਹਲੋਂ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹ 89 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਦੇਹਾਂਤ ਕੋਲਕਾਤਾ ਵਿਖੇ ਸੰਖੇਪ ਬਿਮਾਰੀ ਉਪਰੰਤ ਹੋਇਆ। ਮੀਤ ਹੇਅਰ ਨੇ ਕਿਹਾ ਕਿ ਮੋਹਨ ਕਾਹਲੋਂ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਜਗਤ ਖਾਸ ਕਰਕੇ ਪੰਜਾਬੀ ਨਾਵਲਕਾਰੀ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ। ਮੋਹਨ ਕਾਹਲੋਂ ਦਾ ਜਨਮ ਟੇਕਾਂ ਛੰਨੀਆ, ਜ਼ਿਲਾ ਗੁਰਦਾਸਪੁਰ (ਮੌਜੂਦਾ ਪਾਕਿਸਤਾਨ) ਵਿੱਚ ਹੋਇਆ ਸੀ ਅਤੇ ਉਨ੍ਹਾਂ ਦਾ ਪਰਿਵਾਰ ਵੰਡ ਵੇਲੇ ਭਾਰਤ ਆ ਵਸਿਆ ਜਿਸ ਕਰਕੇ ਉਨ੍ਹਾਂ ਦੀਆਂ ਲਿਖਤਾਂ ਵਿੱਚ ਵੰਡ ਦਾ ਦਰਦ ਪੜ੍ਹਨ ਨੂੰ ਮਿਲਦਾ।
ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨੇ ਵਿੱਛੜੇ ਸਾਹਿਤਕਾਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਤੇ ਪਾਠਕਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ।
ਪੰਜਾਬ ਵਿਚ ‘ਬੇੜੀ ਤੇ ਬਰੇਤਾ’ ਅਤੇ ‘ਪਰਦੇਸੀ ਰੁੱਖ’ ਜਿਹੇ ਮਹਾਂ-ਕਾਵਿਕ ਨਾਵਲ ਲਿਖਣ ਵਾਲੇ ਨਾਵਲਕਾਰ ਮੋਹਨ ਕਾਹਲੋਂ ਦਾ ਅੱਜ ਕੋਲਕਾਤਾ ਵਿਚ ਦਿਹਾਂਤ ਹੋ ਗਿਆ। ਮੋਹਨ ਕਾਹਲੋਂ ਨੇ ‘ਮੱਛਲੀ ਇਕ ਦਰਿਆ ਦੀ’, ‘ਕਾਲੀ ਮਿੱਟੀ’, ‘ਗੋਰੀ ਨਦੀ ਦਾ ਗੀਤ’, ‘ਬਾਰਾਂਦਰੀ’ ‘ਵੈਹ ਗਏ ਪਾਣੀ’ ਜਿਹੇ ਯਾਦਗਾਰੀ ਨਾਵਲ ਲਿਖੇ।
ਮੋਹਨ ਕਾਹਲੋਂ ਦਾ ਜਨਮ ਟੇਕਾ ਛੰਨੀਆਂ, ਤਹਿਸੀਲ ਸ਼ੁਕਰਗੜ੍ਹ, ਜ਼ਿਲ੍ਹਾ ਗੁਰਦਾਸਪੁਰ ਵਿਚ ਹੋਇਆ। ਵੰਡ ਵੇਲੇ ਸ਼ੁਕਰਗੜ੍ਹ ਤਹਿਸੀਲ ਪਾਕਿਸਤਾਨ ਵਿਚ ਚਲੀ ਗਈ ਅਤੇ ਉਨ੍ਹਾਂ ਦਾ ਪਰਿਵਾਰ ਉੱਜੜ ਕੇ ਭਾਰਤ ਵਿਚ ਪਹੁੰਚਿਆ। ਵੰਡ ਦਾ ਦਰਦ ਕਾਹਲੋਂ ਦੇ ਸਾਰੇ ਨਾਵਲਾਂ ਵਿਚ ਮੌਜੂਦ ਸੀ ਜਿਸ ਦੀ ਵੱਡੀ ਪੱਧਰ ’ਤੇ ਤਰਜਮਾਨੀ ਉਨ੍ਹਾਂ ਦੇ ਨਾਵਲ ‘ਪਰਦੇਸੀ ਰੁੱਖ’ ਵਿਚ ਹੋਈ।
‘ਬੇੜੀ ਤੇ ਬਰੇਤਾ’ ਕਰੜੀ, ਰੁੱਖੀ ਪਰ ਮੋਹ ਭਰੀ ਪੰਜਾਬੀ ਜ਼ਿੰਦਗੀ ਦਾ ਅਨੂਠਾ ਚਿਤਰਣ ਹੈ; ਇਸ ਨਾਵਲ ਦਾ ਰੂਸੀ, ਹਿੰਦੀ ਅਤੇ ਹੋਰ ਭਾਸ਼ਾਵਾਂ ਵਿਚ ਤਰਜਮਾ ਹੋਇਆ। ਮੋਹਨ ਕਾਹਲੋਂ ਅਤੇ ਉਨ੍ਹਾਂ ਦੀ ਹਮਸਫ਼ਰ ਦੀਪ ਮੋਹਿਦੀ ਦੋਵਾਂ ਨੇ ਪੰਜਾਬੀ ਸਾਹਿਤ ਵਿਚ ਵੱਡਾ ਹਿੱਸਾ ਪਾਇਆ। ਉਹ ਕੁਝ ਵਰ੍ਹਿਆਂ ਤੋਂ ਆਪਣੇ ਪੁੱਤਰ ਰਾਜਪਾਲ ਸਿੰਘ ਕਾਹਲੋਂ ਕੋਲ ਕੋਲਕਾਤਾ ਵਿਚ ਰਹਿ ਰਹੇ ਸਨ।
ਰਾਵੀ ਦੀ ਪਿੱਠਭੂਮੀ ਵਿਚ ਲਿਖੇ ਨਾਵਲਾਂ ਵਿਚ ਮੋਹਨ ਕਾਹਲੋਂ ਨੇ ਉਸ ਇਲਾਕੇ ਅਤੇ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਲਵਾਨ ਭਾਸ਼ਾ ਵਿਚ ਚਿਤਰਿਆ; ਬਲਰਾਜ ਸਾਹਨੀ ਦਾ ਕਹਿਣਾ ਸੀ ਕਿ ਮੋਹਨ ਕਾਹਲੋਂ ਬੋਲੀ ਦਾ ਬਾਦਸ਼ਾਹ ਹੈ। ਡਾ. ਹਰਚਰਨ ਸਿੰਘ ਨੇ ਲਿਖਿਆ ਸੀ ‘‘ਪਰਦੇਸੀ ਰੁੱਖ ਵਿਚ ਦੋਵੇਂ ਪੰਜਾਬਾਂ ਦੀ ਸਾਂਝੀ ਧੜਕਣ ਹੈ।’’ ਸ਼ਿਵ ਕੁਮਾਰ ਨੇ ‘ਮੱਛਲੀ ਇਕ ਦਰਿਆ ਦੀ’ ਦੀ ਭੂਮਿਕਾ ਵਜੋਂ ਲਿਖੀ ਨਜ਼ਮ ਵਿਚ ਮੋਹਨ ਕਾਹਲੋਂ ਬਾਰੇ ਲਿਖਿਆ ਸੀ, ‘‘ਡੂੰਘੀ ਪੀੜ ਤੇ ਸੰਘਣੀ ਚੁੱਪ ਦਾ/ਉਹ ਇਕ ਭਰ ਵਹਿੰਦਾ ਦਰਿਆ ਹੈ।’’
ਮੋਹਨ ਕਾਹਲੋਂ ਦੇ ਦਿਹਾਂਤ ’ਤੇ ਅਫ਼ਸੋਸ ਜ਼ਾਹਿਰ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਮੋਹਨ ਕਾਹਲੋਂ ਦੇ ਨਾਵਲ ਤੇ ਕਿਰਦਾਰ ਲਾਸਾਨੀ ਹਨ; ਉਨ੍ਹਾਂ ਨੇ ਪੰਜਾਬੀ ਨਾਵਲ ਨੂੰ ਨਵੀਂ ਦਿਸ਼ਾ ਅਤੇ ਮੌਲਿਕਤਾ ਦਿੱਤੀ; ਪੰਜਾਬੀ ਨਾਵਲ ਨੂੰ ਜਜ਼ਬਾਤੀ ਜਿੱਲ੍ਹਣ ਵਿਚੋਂ ਕੱਢਿਆ।
ਉੱਘੇ ਲੇਖਕ ਗੁਰਭਜਨ ਗਿੱਲ ਨੇ ਕਿਹਾ, ‘‘ਪੰਜਾਬੀ ਬੋਲੀ ਦਾ ਬੁਰਜ ਢਹਿ ਗਿਆ ਹੈ; ਉਸ ਨੇ ਪਹਿਲੀ ਆਲਮੀ ਜੰਗ ਵਿਚ ਮਾਰੇ ਗਏ ਪੰਜਾਬੀਆਂ ਦੇ ਦਰਦ ਨੂੰ ਚਿਤਰਿਆ।’’
ਡਾ. ਸੁਖਦੇਵ ਸਿੰਘ ਸਿਰਸਾ ਅਨੁਸਾਰ ਮੋਹਨ ਕਾਹਲੋਂ ਨੇ ਪੰਜਾਬੀ ਨਾਵਲ ਦੀ ਸਪੇਸ ਨੂੰ ਵਿਲੱਖਣ ਵਿਸਥਾਰ ਦਿੱਤਾ। ਉੱਘੇ ਪੰਜਾਬੀ ਚਿੰਤਕ ਹਰੀਸ਼ ਪੁਰੀ ਅਨੁਸਾਰ ਮੋਹਨ ਕਾਹਲੋਂ ਦਾ ਦਿਹਾਤੀ ਪੰਜਾਬੀ ਸਭਿਆਚਾਰ ਨੂੰ ਪ੍ਰਗਟਾਉਣ ਵਾਲਾ ਮੁਹਾਂਦਰਾ ਨਿਵੇਕਲਾ ਸੀ। ਉਹ ਸ਼ਹਿਰੀ ਪੰਜਾਬੀਆਂ ਲਈ ਦਿਹਾਤੀ ਪੰਜਾਬ ਦੇ ਸਭਿਆਚਾਰ ਦੀਆਂ ਖਿੜਕੀਆਂ ਖੋਲ੍ਹਣ ਵਾਂਗ ਲੇਖਕ ਸੀ।