ਮਾਨਸਾ: ਕੋਵਿਡ-19 ਮਹਾਂਮਾਰੀ ਕਾਰਨ ਬੱਚਿਆਂ ਦੇ ਟੀਕਾਕਰਨ ਵਿੱਚ ਪਏ ਗੈਪ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਵੱਲੋਂ ਮਿਸ਼ਨ ਇੰਦਰਧਨੁਸ਼ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਪੀਲੀਆ, ਪੋਲੀਓ, ਤਪਦਿਕ, ਕਾਲੀ ਖੰਘ ਜਿਹੀਆਂ ਬਿਮਾਰੀਆਂ ਤੋਂ ਬਚਾਅ ਲਈ ਬੱਚਿਆਂ ਦਾ ਮੁਫਤ ਟੀਕਾਕਰਨ ਕੀਤਾ ਜਾਵੇਗਾ।

ਮਾਨਸਾ ਦੇ ਜੱਚਾ-ਬੱਚਾ ਹਸਪਤਾਲ ਵਿੱਚ ਇਸ ਟੀਕਾਕਰਨ ਦੀ ਸ਼ੁਰੂਆਤ  ਹੋ ਚੁੱਕੀ ਹੈ। ਮੈਡੀਕਲ ਸਿੱਖਿਆ ਤੇ ਖੋਜ ਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਡਾ. ਵਿਜੇ ਸਿੰਗਲਾ ਵੱਲੋਂ ਅੱਜ ਇਸ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਮਾਪਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਨੂੰ ਨਾਮੁਰਾਦ ਬਿਮਾਰੀਆਂ ਤੋਂ ਬਚਾਉਣ ਲਈ ਬੱਚਿਆਂ ਦਾ ਟੀਕਾਕਰਨ ਜਰੂਰ ਕਰਵਾਉਣ।
 
ਦੱਸ ਦਈਏ ਕਿ ਭਾਰਤ ਸਰਕਾਰ ਵੱਲੋਂ ਮਾਰਚ 2022 ਤੋਂ ਮਈ 2022 ਤੱਕ ਮਿਸ਼ਨ ਇੰਦਰਧਨੁਸ਼ ਯੋਜਨਾ ਬਣਾਈ ਹੈ ਜਿਸ ਤਹਿਤ ਬੱਚਿਆਂ ਨੂੰ ਪੀਲੀਆ, ਪੋਲੀਓ, ਗਲਘੋਟੂ, ਖਸਰਾ ਆਦਿ ਬਿਮਾਰੀਆਂ ਤੋਂ ਬਚਾ ਲਈ ਟੀਕੇ ਮੁਫ਼ਤ ਲਗਾਏ ਜਾਣਗੇ।
 
ਚੰਡੀਗੜ੍ਹ ਦੇ ਮੁੱਦੇ 'ਤੇ ਹਰਿਆਣਾ ਵੱਲੋਂ ਆਪਣਾ ਹੱਕ ਜਤਾਏ ਜਾਣ 'ਤੇ ਪ੍ਰਤੀਕ੍ਰਿਆ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਖਰੜ ਤਹਿਸੀਲ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਸੀ, ਜਿਸ ਕਾਰਨ ਚੰਡੀਗੜ 'ਤੇ ਪਹਿਲਾ ਹੱਕ ਪੰਜਾਬ ਦਾ ਹੈ। ਉਨ੍ਹਾਂ ਕਿਹਾ ਕਿ ਜਦੋ ਵੀ ਕਿਸੇ ਸੂਬੇ ਵਿੱਚੋ ਕੋਈ ਸੂਬਾ ਬਣਾਇਆ ਜਾਂਦਾ ਹੈ ਤਾਂ ਰਾਜਧਾਨੀ ਤੇ ਹੱਕ ਪਹਿਲਾ ਵਾਲੇ ਸੂਬੇ ਦਾ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਨੂੰ ਲੜਾਉਣ ਦੀ ਨੀਤੀ ਤਹਿਤ ਇਹ ਕੋਸ਼ਿਸ਼ਾਂ ਕਰ ਰਹੀ ਹੈ, ਪਰ ਪੰਜਾਬ ਸਰਕਾਰ ਤੇ ਪੰਜਾਬ ਦੇ ਲੋਕ ਕੇਂਦਰ ਸਰਕਾਰ ਨੂੰ ਆਪਣੀ ਇਸ ਕੋਸ਼ਿਸ਼ ਵਿੱਚ ਕਾਮਯਾਬ ਨਹੀਂ ਹੋਣ ਦੇਣਗੇ।


ਮਿਲਾਵਟਖੋਰੀ 'ਤੇ ਵੀ ਬੋਲੇ ਕੈਬਨਿਟ ਮੰਤਰੀ 


ਦੁੱਧ ਉਤਪਾਦਾਂ ਵਿੱਚ ਹੁੰਦੀ ਮਿਲਾਵਟ ਖੋਰੀ ਨੂੰ ਰੋਕਣ ਬਾਰੇ ਕੈਬਿਨੇਟ ਮੰਤਰੀ ਡਾ ਵਿਜੈ ਸਿੰਗਲਾ ਨੇ ਕਿਹਾ ਕਿ ਸਾਡੀਆਂ ਟੀਮਾਂ ਪੂਰੇ ਪੰਜਾਬ ਵਿੱਚ ਸਰਗਰਮ ਹਨ, ਜਿਨ੍ਹਾਂ ਨੂੰ ਕਿਹਾ ਗਿਆ ਹੈ ਕਿ ਇਸ ਮਿਲਾਵਟਖੋਰੀ ਪਿੱਛੇ ਵੱਡੀਆਂ ਮੱਛੀਆਂ ਨੂੰ ਨਕੇਲ ਪਾਈ ਜਾਵੇ ਅਤੇ ਛੋਟੇ ਦੋਧੀਆਂ ਨੂੰ ਤੰਗ ਨਾ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਮਿਲਾਵਟਖੋਰੀ ਦੀ ਕੋਈ ਜਾਣਕਾਰੀ ਮਿਲਦੀ ਹੈ ਤਾ ਸਾਨੂੰ ਦਸੋ ਤਾਂ ਕਿ ਲੋਕਾਂ ਦੀ ਸਿਹਤ ਨਾਲ ਹੋ ਰਿਹਾ ਖਿਲਵਾੜ ਰੋਕਿਆ ਜਾ ਸਕੇ।