ਚੰਡੀਗੜ੍ਹ: ਪੰਜਾਬ ਵਿੱਚ ਔਰਤਾਂ ਪਹਿਲੀ ਅਪਰੈਲ ਤੋਂ ਸਾਰੀਆਂ ਸਰਕਾਰੀ ਬੱਸਾਂ ਵਿੱਚ ਸੂਬੇ ਵਿੱਚ ਮੁਫਤ ਸਫਰ ਕਰਨਗੀਆਂ। ਇਸ ਫੈਸਲੇ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸੇ ਮਹੀਨੇ ਪਹਿਲਾਂ ਕੀਤੇ ਐਲਾਨ 'ਤੇ ਬੁੱਧਵਾਰ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਮਨਜ਼ੂਰੀ ਦੇ ਕੇ ਪੱਕੀ ਮੋਹਰ ਲਗਾ ਦਿੱਤੀ।
ਦੱਸ ਦਈਏ ਕਿ ਸੂਬੇ ਵਿੱਚ ਔਰਤਾਂ ਤੇ ਲੜਕੀਆਂ ਨੂੰ ਸਸ਼ਕਤੀਕਰਨ ਲਈ ਸੂਬਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਮੁੱਖ ਮੰਤਰੀ ਨੇ 5 ਮਾਰਚ ਨੂੰ ਵਿਧਾਨ ਸਭਾ ਵਿੱਚ ਔਰਤਾਂ ਨੂੰ ਮੁਫਤ ਸਫਰ ਕਰਨ ਦੀ ਸਕੀਮ ਦਾ ਐਲਾਨ ਕੀਤਾ ਸੀ। ਇਸ ਸਕੀਮ ਦਾ ਫਾਇਦਾ ਸੂਬੇ ਭਰ ਵਿੱਚ 1.31 ਕਰੋੜ ਔਰਤਾਂ/ਲੜਕੀਆਂ ਨੂੰ ਹੋਵੇਗਾ। ਜਨਗਣਨਾ 2011 ਮੁਤਾਬਕ ਪੰਜਾਬ ਵਿੱਚ ਕੁੱਲ ਵਸੋਂ 2.77 ਕਰੋੜ ਹੈ ਜਿਸ ਵਿੱਚ 1,46,39,465 ਪੁਰਸ਼ ਤੇ 1,31,03,873 ਮਹਿਲਾਵਾਂ ਹਨ।
ਸਕੀਮ ਤਹਿਤ ਪੰਜਾਬ ਦੀਆਂ ਵਸਨੀਕ ਔਰਤਾਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਬੱਸਾਂ ਵਿੱਚ ਮੁਫਤ ਸਫਰ ਕਰ ਸਕਣਗੀਆਂ ਜਿਸ ਵਿੱਚ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ), ਪੰਜਾਬ ਰੋਡਵੇਜ਼ ਬੱਸਜ਼ (ਪਨਬੱਸ) ਤੇ ਸਥਾਨਕ ਸਰਕਾਰਾਂ ਵੱਲੋਂ ਚਲਾਈ ਜਾਂਦੀ ਸਿਟੀ ਬੱਸ ਸਰਵਿਸਜ਼ ਸ਼ਾਮਲ ਹਨ। ਇਹ ਸਕੀਮ ਸਰਕਾਰੀ ਏਸੀਬੱਸਾਂ, ਵੌਲਵੋ ਬੱਸਾਂ ਤੇ ਐਚਵੀਏਸੀ ਬੱਸਾਂ ਵਿੱਚ ਲਾਗੂ ਨਹੀਂ ਹੋਵੇਗੀ। ਇਸ ਸਕੀਮ ਦਾ ਫਾਇਦਾ ਲੈਣ ਲਈ ਪੰਜਾਬ ਦੀ ਰਿਹਾਇਸ਼ ਦੇ ਸਬੂਤ ਵਜੋਂ ਆਧਾਰ ਕਾਰਡ, ਵੋਟਰ ਕਾਰਡ ਜਾਂ ਕੋਈ ਹੋਰ ਸਬੂਤ ਦਾ ਦਸਤਾਵੇਜ਼ ਲੋੜੀਂਦਾ ਹੋਵੇਗਾ।
ਸੂਬਾ ਸਰਕਾਰ ਦਾ ਮਨਣਾ ਹੈ ਕਿ ਇਸ ਸਕੀਮ ਨਾਲ ਨਾ ਸਿਰਫ ਰੋਜ਼ਾਨਾ ਦੀ ਟਰਾਂਸਪੋਰਟ ਮਹਿੰਗੀ ਹੋਣ ਕਾਰਨ ਕੁੜੀਆਂ ਦੀ ਸਕੂਲ ਛੱਡਣ ਦੀ ਅਨੁਪਾਤ ਨੂੰ ਘਟਾਉਣ ਲਈ ਮੱਦਦ ਮਿਲੇਗੀ ਸਗੋਂ ਕੰਮਕਾਜੀ ਔਰਤਾਂ ਨੂੰ ਵੀ ਸਹੂਲਤ ਮਿਲੇਗੀ। ਇਹ ਸਹੂਲਤ ਕਿਸੇ ਵੀ ਆਰਥਿਕ ਗਤੀਵਿਧੀ ਵਿੱਚ ਸ਼ਾਮਲ ਹੋਣ ਜਾ ਰਹੀ ਔਰਤ ਨੂੰ ਸੁਰੱਖਿਅਤ, ਸਸਤਾ ਤੇ ਭਰੋਸੇਮੰਦ ਸਫਰ ਯਕੀਨੀ ਬਣਾਏਗੀ।
ਇਸ ਦੇ ਨਾਲ ਹੀ ਔਰਤਾਂ ਆਪਣੇ ਸਾਥੀਆਂ ਨੂੰ ਸਰਕਾਰੀ ਟਰਾਂਸਪੋਰਟ ਦੀ ਵਰਤੋਂ ਕਰਨ ਲਈ ਉਤਸ਼ਾਹਤ ਕਰਨਗੀਆਂ ਜਿਸ ਨਾਲ ਸੜਕਾਂ 'ਤੇ ਚੱਲਣ ਵਾਲੇ ਨਿੱਜੀ ਵਾਹਨਾਂ ਦੀ ਗਿਣਤੀ ਵਿੱਚ ਸੁਭਾਵਕ ਤੌਰ 'ਤੇ ਕਮੀ ਆਵੇਗੀ ਜਿਸ ਨਾਲ ਪ੍ਰਦੂਸ਼ਣ, ਹਾਦਸਿਆਂ ਤੇ ਵਾਹਨਾਂ ਦੀ ਭੀੜ ਵਿੱਚ ਕਮੀ ਆਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904