ਰੌਬਟ ਦੀ ਰਿਪੋਰਟ
ਚੰਡੀਗੜ੍ਹ: ਬੀਤੇ ਕੱਲ੍ਹ ਪਰਮਵੀਰ ਚੱਕਰ ਨਾਲ ਸਨਮਾਨਿਤ ਸ਼ਹੀਦ ਅਬਦੁੱਲ ਹਮੀਦ ਦੀ ਬਰਸੀ ਮੌਕੇ ਪੰਜਾਬ ਸਰਕਾਰ ਵੱਲੋਂ ਆਸਲ ਉਤਾੜ ਵਿੱਚ C-PYTE ਕੇਂਦਰ ਦਾ ਨੀਂਹ ਪੱਥਰ ਰੱਖਿਆ ਗਿਆ। ਇੱਥੇ ਨੌਜਵਾਨਾਂ ਨੂੰ ਫੌਜ ਤੇ ਪੈਰਾ ਮਿਲਟਰੀ ਫੋਰਸਾਂ ਵਿੱਚ ਭਰਤੀ ਹੋਣ ਦੀ ਸਿਖਲਾਈ ਦਿੱਤੀ ਜਾਵੇਗੀ।
ਸ਼ਹੀਦ ਅਬਦੁਲ ਹਮੀਦ ਭਾਰਤ-ਪਾਕਿਸਤਾਨ ਵਿਚਾਲੇ 1965 ਦੀ ਜੰਗ ਵਿੱਚ ਸ਼ਹੀਦ ਹੋਏ ਸਨ। ਇਸ ਸਿਖਲਾਈ ਕੇਂਦਰ ਦਾ ਨੀਂਹ ਪੱਥਰ ਕੈਪਟਨ ਅਮਰਿੰਦਰ ਸਿੰਘ ਨੇ ਆਨ-ਲਾਇਨ ਜ਼ਰੀਏ ਰੱਖਿਆ। ਦੱਸ ਦੇਈਏ ਕਿ ਇਸ ਸਿਖਲਾਈ ਸੈਂਟਰ ਦੀ ਇਮਾਰਤ 18 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏਗੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਸੰਨ 1965 ਵਿੱਚ ਹੋਈ ਆਸਲ ਉਤਾੜ ਦੀ ਲੜਾਈ ਨੂੰ ਯਾਦ ਕਰਦੇ ਹੋਏ ਤੁਹਾਡੇ ਨਾਲ ਗੱਲ ਸਾਂਝੀ ਕਰ ਰਿਹਾ ਹਾਂ ਕਿ ਜਦੋਂ ਮੈਂ ਫੌਜ ਕਮਾਂਡਰ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਜੀ ਨਾਲ ਬਤੌਰ ਏਡੀਸੀ ਸੀ ਤਾਂ ਮੈਂ ਦੇਖਿਆ ਕਿ ਕਿਸ ਤਰ੍ਹਾਂ ਗ੍ਰੇਨੇਡੀਅਰ ਸ਼ਹੀਦ ਅਬਦੁੱਲ ਹਾਮਿਦ ਜੀ ਨੇ ਯੁੱਧ ਦੇ ਮੈਦਾਨ ਵਿੱਚ ਦੁਸ਼ਮਣਾਂ ਦੇ ਟੈਂਕਾਂ ਨੂੰ ਤਹਿਸ ਨਹਿਸ ਕਰਕੇ ਆਪਣੀ ਬਹਾਦਰੀ ਤੇ ਹਿਮੰਤ ਨਾਲ ਦੇਸ਼ ਪ੍ਰਤੀ ਆਪਣੇ ਪਿਆਰ ਤੇ ਫਰਜ਼ ਨੂੰ ਦਰਸਾਇਆ। ਅੱਜ ਉਨ੍ਹਾਂ ਦੇ ਸ਼ਹਾਦਤ ਦਿਵਸ ਮੌਕੇ ਆਓ ਉਨ੍ਹਾਂ ਦੇ ਆਦਰਸ਼ਾਂ 'ਤੇ ਚੱਲਣ ਦਾ ਪ੍ਰਣ ਕਰੀਏ।"
ਇਸ ਮੌਕੇ ਵਿਸ਼ੇਸ਼ ਤੌਰ ਉਤੇ ਪੁੱਜੇ ਚਾਰ ਗਰਨੇਡੀਅਰ ਦੇ ਜਨਰਲ ਗੁਰਪਾਲ ਸਿੰਘ ਸੰਘਾ ਨੇ ਆਪਣੇ ਫੌਜੀ ਤਜ਼ਰਬੇ ਸਾਂਝੇ ਕਰਦੇ ਦੱਸਿਆ ਕਿ ਮਾਝੇ ਦੀ ਧਰਤੀ ਇੰਨੀ ਜਰਖੇਜ਼ ਹੈ ਕਿ ਇਥੇ ਆ ਕੇ ਉਤਰ ਪ੍ਰਦੇਸ਼ ਦੇ ਦਰਜੀ ਦਾ ਮੁੰਡਾ ਅਬਦੁੱਲ ਹਮੀਦ ਟੈਂਕਾਂ ਨਾਲ ਭਿੜ ਗਿਆ।
ਉਨਾਂ ਸੂਬਾ ਸਰਕਾਰ ਵੱਲੋਂ ਫੌਜੀਆਂ ਤੇ ਸ਼ਾਬਕਾ ਫੌਜੀਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਸਰਾਹਨਾ ਕਰਦੇ ਕਿਹਾ ਕਿ ਫੌਜੀ ਜੰਗ ਵਿਚ ਬੇਖੌਫ ਹੋ ਕੇ ਤਾਂ ਹੀ ਲੜ ਸਕਦਾ ਹੈ, ਜੇਕਰ ਉਸ ਨੂੰ ਆਸ ਹੋਵੇ ਕਿ ਉਸਦੇ ਪਰਿਵਾਰ ਦੇ ਪਾਲਣ-ਪੋਸ਼ਣ ਲਈ ਉਸ ਦੀ ਸਰਕਾਰ ਹੈ।