ਰੌਬਟ ਦੀ ਰਿਪੋਰਟ
ਚੰਡੀਗੜ੍ਹ/ਪਟਿਆਲਾ: ਇੱਕ ਪਾਸੇ ਕੋਰੋਨਾ ਮਹਾਮਾਰੀ ਦਾ ਕਹਿਰ ਤੇ ਦੂਜੇ ਪਾਸੇ ਕਮਜ਼ੋਰ ਸਿਹਤ ਸੇਵਾਵਾਂ ਨੇ ਆਮ ਆਦਮੀ ਲਈ ਵੱਡੀ ਪ੍ਰੇਸ਼ਾਨੀ ਖੜ੍ਹੀ ਕੀਤੀ ਹੋਈ ਹੈ। ਕੋਰੋਨਾ ਨੂੰ ਨੱਥ ਪਾਉਣ ਲਈ ਕੋਰੋਨਾ ਦੇ ਟੀਕੇ ਲਾਏ ਜਾ ਰਹੇ ਹਨ। ਲੌਕਡਾਊਨ ਤੇ ਹੋਰ ਸਖ਼ਤੀਆਂ ਨਾਲ ਲੋਕ ਭਾਵੇਂ ਪਰੇਸ਼ਾਨ ਹਨ ਪਰ ਸਰਕਾਰ ਤੇ ਸਿਸਟਮ ਕੋਲ ਇਸ ਤੋਂ ਵੱਧ ਹੋਰ ਕੋਈ ਉਪਾਅ ਨਜ਼ਰ ਨਹੀਂ ਆ ਰਿਹਾ। ਹਸਪਤਾਲਾਂ ਵਿੱਚ ਦਵਾਈਆਂ ਤੇ ਆਕਸੀਜਨ ਦੀ ਘਾਟ ਨੇ ਸਰਕਾਰਾਂ ਦੇ ਖੋਖਲੇ ਦਾਅਵਿਆਂ ਨੂੰ ਬੇਨਕਾਬ ਕਰ ਦਿੱਤਾ ਹੈ। ਅੱਜ ਕੈਪਟਨ ਦੇ ਗੜ੍ਹ ਪਟਿਆਲਾ ਦੇ ਰਜਿੰਦਰਾ ਸਰਕਾਰੀ ਹਸਪਤਾਲ ਤੇ ਰਾਜਪੁਰਾ ਦੇ ਏਪੀ ਜੈਨ ਸਰਕਾਰੀ ਹਸਪਤਾਲ ਵਿੱਚ ਕੋਰੋਨਾ ਦੀ ਵੈਕਸੀਨ ਦਾ ਸਟਾਕ ਵੀ ਮੁੱਕ ਗਿਆ ਹੈ ਜਿਸ ਕਾਰਨ ਲੋਕ ਨਿਰਾਸ਼ ਹੋ ਕੇ ਘਰਾਂ ਨੂੰ ਪਰਤ ਰਹੇ ਹਨ।
ਇਸ ਸਬੰਧੀ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ 45 ਸਾਲ ਤੋਂ ਉਪਰ ਉਮਰ ਵਾਲਿਆਂ ਲਈ ਹੀ ਵੈਕਸੀਨ ਖ਼ਤਮ ਹੈ ਤਾਂ ਫੇਰ 18 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਨੂੰ ਵੈਕਸੀਨ ਕਿੱਥੋਂ ਲੱਗੇਗੀ। ਲੋਕਾਂ ਨੇ ਦੱਸਿਆ ਕਿ ਉਹ ਪਿੱਛਲੇ ਕਈ ਦਿਨਾਂ ਤੋਂ ਵੈਕਸੀਨ ਲਵਾਉਣ ਲਈ ਚੱਕਰ ਕੱਟ ਰਹੇ ਹਨ ਪਰ ਹਰ ਵਾਰ ਉਹਨਾਂ ਨੂੰ ਇਹ ਕਹਿ ਕੇ ਮੋੜ ਦਿੱਤਾ ਜਾਂਦਾ ਹੈ ਕਿ ਵੈਕਸੀਨ ਖ਼ਤਮ ਹੈ। ਕੋਰੋਨਾ ਦੇ ਵੱਧਦੇ ਕੇਸਾਂ ਤੇ ਮਾੜੇ ਸਿਹਤ ਪ੍ਰਬੰਧਾਂ ਨੂੰ ਵੇਖਦੇ ਹੋਏ ਲੋਕਾਂ ਦੇ ਦਿਲਾਂ ਵਿੱਚ ਦਹਿਸ਼ਤ ਅਤੇ ਡਰ ਦਾ ਮਾਹੌਲ ਹੈ।
ਇਸੇ ਸਬੰਧੀ ਸਿਵਲ ਸਰਜਨ ਪਟਿਆਲਾ ਨਾਲ ਗਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ "ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾ ਵਿਚ ਕੁੱਲ 52 ਵੈਕਸੀਨ ਸੈਂਟਰ ਬਣੇ ਹਨ।ਰੋਜ਼ਾਨਾ 5 ਹਜ਼ਾਰ ਦੇ ਕਰੀਬ ਵੈਕਸੀਨ ਦੀ ਲਾਗਤ ਹੈ। ਉਨ੍ਹਾਂ ਕਿਹਾ ਕਿ ਅੱਜ ਸ਼ਾਮ ਤੱਕ ਵੈਕਸੀਨ ਦਾ ਪ੍ਰਬੰਧ ਹੋ ਜਾਵੇਗਾ। ਫਿਲਹਾਲ ਵੈਕਸੀਨ 45 ਸਾਲ ਤੋਂ ਵੱਧ ਉਮਰ ਵਾਲਿਆ ਦੇ ਹੀ ਲਾਈ ਜਾਵੇਗੀ। 18 ਸਾਲ ਵਾਲੇ ਨੌਜਾਵਾਨ ਨੂੰ ਸਿਰਫ ਰਜਿਸਟਰੇਸ਼ਨ ਕਰਨ ਲਈ ਕਿਹਾ ਜਾ ਰਿਹਾ ਹੈ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :