ਫਤਹਿਗੜ੍ਹ ਸਾਹਿਬ: ਕਸਬਾ ਖਮਾਣੋਂ 'ਚ ਦੇਰ ਰਾਤ ਕਾਰ ਸਵਾਰ ਨੇ ਪੁਲਿਸ ਨਾਕੇ 'ਤੇ ਖੁਦ ਨੂੰ ਗੋਲੀ ਮਾਰ ਲਈ। ਇਹ ਮਾਮਲਾ ਸ਼ੱਕੀ ਲੱਗ ਰਿਹਾ ਹੈ। ਪਰਿਵਾਰ ਪੁਲਿਸ ਦੇ ਦਾਅਵੇ ਨਾਲ ਸਹਿਮਤ ਨਹੀਂ ਹੈ। ਮ੍ਰਿਤਕ ਪਟਿਆਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ।



ਪੁਲਿਸ ਮੁਤਾਬਕ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਧੀਨ ਥਾਣਾ ਖਮਾਣੋਂ ਪੁਲਿਸ ਦੇਰ ਰਾਤ 12.30 ਵਜੇ ਦੇ ਕਰੀਬ ਪਿੰਡ ਮਾਨਪੁਰ ਵਿਖੇ ਲੁਧਿਆਣਾ ਨੂੰ ਜਾਣ ਵਾਲੀ ਸਾਈਡ 'ਤੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਇੱਕ ਕਾਰ ਚਾਲਕ ਲੁਧਿਆਣੇ ਤੋਂ ਚੰਡੀਗੜ੍ਹ ਵਾਲੇ ਪਾਸੇ ਨੂੰ ਜਾ ਰਿਹਾ ਸੀ। ਪੁਲਿਸ ਅਨੁਸਾਰ ਜਦੋਂ ਕਾਰ ਨਾਕੇ ਦੇ ਬਰਾਬਰ ਪਹੁੰਚੀ ਤਾਂ ਉਸ ਕਾਰ ਚਾਲਕ ਨੇ ਆਪਣੇ ਆਪ ਨੂੰ ਗੋਲੀ ਮਾਰ ਦਿੱਤੀ ਤੇ ਅੰਦਰੋਂ ਕਾਰ ਨੂੰ ਲੌਕ ਕਰ ਲਿਆ।

ਇਸ ਤੋਂ ਬਾਅਦ ਪੁਲਿਸ ਨੇ ਗੱਡੀ ਦੇ ਨੰਬਰ ਦੇ ਆਧਾਰ 'ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ। ਪੁਲਿਸ ਦੇ ਦੱਸਣ ਮੁਤਾਬਕ ਦੋ ਵਜੇ ਦੇ ਕਰੀਬ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ 'ਚ ਉਸ ਕਾਰ ਚਾਲਕ ਨੂੰ ਗੱਡੀ 'ਚੋਂ ਬਾਹਰ ਕੱਢਿਆ ਤੇ ਉਸ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਭਰਤੀ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।

ਦੂਜੇ ਪਾਸੇ ਇਹ ਮਾਮਲਾ ਸ਼ੱਕੀ ਜਾਪਦਾ ਹੈ, ਪਰਿਵਾਰ ਪੁਲਿਸ ਨਾਲ ਸਹਿਮਤ ਨਹੀਂ। ਮ੍ਰਿਤਕ ਪਟਿਆਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਮ੍ਰਿਤਕ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ। ਫ਼ਤਹਿਗੜ੍ਹ ਸਾਹਿਬ ਦੇ ਕਸਬਾ ਖਮਾਣੋਂ  ਵਿਖੇ ਦੇਰ ਰਾਤ ਵਾਪਰੀ ਘਟਨਾ 'ਚ ਇਕ ਕਾਰ ਸਵਾਰ ਦੀ ਮੌਤ ਪਹੇਲੀ ਬਣੀ ਹੋਈ ਹੈ ਤੇ ਪੁਲਿਸ ਕੁਝ ਦੱਸਣ ਨੂੰ ਤਿਆਰ ਨਹੀਂ।

ਉਧਰ ਵਿਰੋਧੀ ਧਿਰਾਂ ਪੰਜਾਬ 'ਚ ਕਾਨੂੰਨ ਵਿਵਸਥਾ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਘੇਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਦਤਰ ਹੋ ਚੁੱਕੀ ਹੈ। ਸਰਕਾਰ ਤੇ ਪੁਲਿਸ-ਪ੍ਰਸ਼ਾਸਨ ਦੀ ਨੱਕ ਹੇਠ ਅਪਰਾਧੀ ਸ਼ਰੇਆਮ ਕਤਲ, ਲੁੱਟ-ਖੋਹ ਤੇ ਫਿਰੌਤੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਪੰਜਾਬ ਵਿੱਚ ਹਰ ਕੋਈ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਵਿਰੋਧੀ ਧਿਰਾਂ ਨੇ ਮੁੱਖ ਮੰਤਰੀ  ਭਗਵੰਤ ਮਾਨ ਨੂੰ ਪੁੱਛਿਆ ਕਿ ਕੀ ਇਹ ਪੰਜਾਬ ਦੀ ਤਬਦੀਲੀ ਹੈ? ਜਿੱਥੇ ਕੋਈ ਵੀ ਸੁਰੱਖਿਅਤ ਨਹੀਂ ਹੈ!

ਉਨ੍ਹਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਨਹੀਂ ਸੰਭਾਲ ਸਕਦੇ ਤਾਂ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਮਹੀਨਿਆਂ ਵਿੱਚ ਪੰਜਾਬ ਵਿੱਚ 45 ਤੋਂ ਵੱਧ ਕਤਲ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਸਮੇਤ 5 ਕਬੱਡੀ ਖਿਡਾਰੀ ਵੀ ਸ਼ਾਮਲ ਹਨ। ਪੰਜਾਬ ਵਿਚ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਹੈ।