Stubble Burning: ਪੰਜਾਬ ਵਿੱਚ ਤਕਰੀਬਨ ਸਾਰੇ ਪਾਸੇ ਕਣਕ ਦੀ ਬਿਜਾਈ ਸ਼ੁਰੂ ਹੋ ਗਈ ਹੈ ਤੇ ਕਈ ਥਾਵਾਂ 'ਤੇ ਮੁਕੰਮਲ ਵੀ ਹੋ ਚੁੱਕੀ ਹੈ ਜਿਸ ਕਰਕੇ ਪਰਾਲੀ ਸਾੜਨ ਦੇ ਮਾਮਲੇ ਵੀ ਨਾ-ਮਾਤਰ ਸਾਹਮਣੇ ਆ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਹਵਾ ਦੀ ਗੁਣਵੱਤਾ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ। ਲੰਘੇ ਦਿਨ ਪਰਾਲੀ ਸਾੜਨ ਦੇ 200 ਦੇ ਕਰੀਬ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਬੁੱਧਵਾਰ ਨੂੰ 500 ਦੇ ਨੇੜ ਸੀ।
ਜਾਣਕਾਰੀ ਮੁਤਾਬਕ, ਵੀਰਵਾਰ ਨੂੰ ਪਰਾਲੀ ਸਾੜਨ ਦੇ 205 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਵਿੱਚ ਸਭ ਤੋਂ ਵੱਧ ਮਾਮਲੇ ਫ਼ਾਜ਼ਿਲਕਾ (59) ਆਏ ਹਨ ਪਰ ਇਸ ਦੌਰਾਨ ਬਠਿੰਡਾ ਦੀ ਹਵਾ ਸਭ ਤੋਂ ਖ਼ਰਾਬ ਰਹੀ। ਬਠਿੰਡਾ ਦਾ AQI 350 ਤੋਂ ਪਾਰ ਰਿਹਾ। ਇਸ ਤੋਂ ਇਲਾਵਾ ਪਟਿਆਲਾ ਦੀ ਹਵਾ ਵੀ ਖ਼ਰਾਬ ਹੀ ਰਹੀ ਹੈ।
ਪਰਾਲੀ ਸਾੜਨ ਦੇ ਮਾਮਲੇ ਘਟੇ
ਪੰਜਾਬ ਵਿੱਚ ਜਿੱਥੇ ਪਹਿਲਾਂ ਲਗਾਤਾਰ ਪਰਾਲੀ ਸਾੜਨ ਦੇ ਮਾਮਲੇ ਵਧ ਰਹੇ ਸੀ ਪਰ ਹੁਣ ਵੀ ਲੰਘੇ 4 ਕੁ ਦਿਨਾਂ ਤੋਂ ਅਜਿਹੇ ਮਾਮਲਿਆਂ ਵਿੱਚ ਕਮੀ ਆਈ ਹੈ। ਸੋਮਵਾਰ ਨੂੰ ਪਰਾਲੀ ਸਾੜਨ ਦੇ ਮਾਮਲੇ 600 ਤੋਂ ਪਾਰ ਹੋ ਗਏ ਹਨ। ਉੱਥੇ ਹੀ ਮੰਗਲਵਾਰ ਨੂੰ 513, ਬੁੱਧਵਾਰ ਨੂੰ 512 ਤੇ ਵੀਰਵਾਰ ਨੂੰ 205 ਤੱਕ ਦਰਜ ਕੀਤੇ ਗਏ ਹਨ।
ਕਿਹੜੇ ਜ਼ਿਲ੍ਹੇ ਵਿੱਚ ਕਿੰਨੀ ਸੜੀ ਪਰਾਲੀ
ਮੋਗਾ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ 28 ਮਾਮਲੇ, ਸ੍ਰੀ ਮੁਕਤਸਰ ਸਾਹਿਬ ਵਿੱਚ 25, ਕਪੂਰਥਲਾ ਵਿੱਚ 10, ਫਿਰੋਜ਼ਪੁਰ ਵਿੱਚ 15, ਫ਼ਰੀਦਕੋਟ ਵਿੱਚ 13, ਬਠਿੰਡਾ ਵਿੱਚ 15 ਤੇ ਸੰਗਰੂਰ ਜ਼ਿਲ੍ਹੇ ਵਿੱਚੋਂ 11 ਮਾਮਲੇ ਸਾਹਮਣੇ ਆਏ ਹਨ। ਬੇਸ਼ੱਕ ਪਰਾਲੀ ਸਾੜਨ ਦੇ ਮਾਮਲੇ ਘਟੇ ਹਨ ਪਰ ਫਿਰ ਵੀ ਹਵਾ ਵਿੱਚ ਪ੍ਰਦੂਸ਼ਣ ਜਿਓਂ ਦੀ ਤਿਓਂ ਬਰਕਰਾਰ ਹੈ।
ਕਿਹੜੇ ਸ਼ਹਿਰਾਂ ਦੀ ਹਵਾ ਰਹੀ ਸਭ ਤੋਂ ਵੱਧ ਖ਼ਰਾਬ
ਬਠਿੰਡਾ ਦਾ AQI 353 ਰਿਹਾ ਤੇ ਇਸ ਤੋਂ ਇਲਾਵਾ ਪਟਿਆਲਾ ਦਾ 254, ਖੰਨਾ ਦਾ 210, ਜਲੰਧਰ ਦਾ 210 ਤੇ ਲੁਧਿਆਣਾ ਦਾ 287 ਦਰਜ ਕੀਤਾ ਗਿਆ ਹੈ। ਹਾਲਾਂਕਿ ਅੰਮ੍ਰਿਤਸਰ ਦਾ 188 ਤੇ ਮੰਡੀ ਗੋਬਿੰਦਗੜ੍ਹ ਦਾ 155 ਰਿਹਾ ਹੈ।
ਕਿਉਂ ਨਹੀਂ ਘਟ ਰਿਹਾ ਪ੍ਰਦੂਸਣ
ਸਿਹਤ ਮਾਹਿਰਾਂ ਦੀ ਮੰਨੀਓ ਤਾਂ ਉਨ੍ਹਾਂ ਕਿਹਾ ਕਿ ਬੇਸ਼ੱਕ ਪਰਾਲੀ ਸਾੜਨ ਦੇ ਮਾਮਲੇ ਘਟੇ ਹਨ ਪਰ ਪਿਛਲੇ ਦਿਨਾਂ ਤੋਂ ਮੀਂਹ ਨਹੀਂ ਪਿਆ ਹੈ ਤੇ ਨਾਂ ਹੀ ਹਵਾ ਚੱਲ ਰਹੀ ਹੈ ਜਿਸ ਦੇ ਚਲਦੇ ਹਵਾ ਦੀ ਗੁਣਵੱਤਾ ਖ਼ਰਾਬ ਪੱਧਰ ਉੱਤੇ ਹੀ ਰਹੀ ਹੈ। ਇਸ ਮੌਕੇ ਸਿਹਤ ਵਿਭਾਗ ਵੱਲੋਂ ਬਜ਼ੁਰਗਾਂ ਤੇ ਬੱਚਿਆਂ ਨੂੰ ਬਗ਼ੈਰ ਕੰਮ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ।