ਚੰਡੀਗੜ੍ਹ : ਪੰਜਾਬ ਦੀਆਂ ਵੱਖ -ਵੱਖ ਥਾਵਾਂ 'ਤੇ ਪਸ਼ੂਆਂ 'ਚ ਗੰਭੀਰ ਬਿਮਾਰੀ ਫੈਲ ਗਈ ਹੈ। ਜਿਸ ਕਾਰਨ ਪਸ਼ੂਆਂ ਦੀਆਂ ਮੌਤਾਂ ਹੋ ਰਹੀਆਂ ਹਨ। ਲੋਕਾਂ ਦੇ ਦੱਸਣ ਮੁਤਾਬਕ ਪਸ਼ੂਆਂ 'ਚ ਗੰਭੀਰ ਬਿਮਾਰੀ ਫੈਲ ਰਹੀ ਹੈ , ਜਿਸ ਕਾਰਨ ਪਹਿਲਾਂ ਦੁਧਾਰੂ ਪਸ਼ੂਆਂ ਖਾਸਕਰ ਗਾਵਾਂ -ਮੱਝਾਂ ਦੇ ਸਰੀਰ 'ਤੇ ਫੋੜੇ ਹੋ ਜਾਂਦੇ ਹਨ , ਜੋ ਵੱਡਾ ਆਕਾਰ ਬਣ ਕੇ ਫੁੱਟ ਜਾਂਦੇ ਹਨ। ਇਸ ਬਿਮਾਰੀ ਕਾਰਨ ਪਸ਼ੂਆਂ ਦੀ ਮੌਤ ਹੋ ਰਹੀ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਬਿਮਾਰੀ ਕੀ ਹੈ ਤੇ ਕਿਉਂ ਹੋ ਰਹੀ ਹੈ।

 

ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ ਚਮੜੀ 'ਤੇ ਵਾਇਰਲ ਹਮਲੇ ਨਾਲ ਹੋ ਰਹੀ ਸੋਜ ਅਤੇ ਧੱਫੜ ਦੀ ਬਿਮਾਰੀ ਕਾਰਨ ਦੁਧਾਰੂ ਪਸ਼ੂਆਂ ਦੀਆਂ ਹੋ ਰਹੀਆਂ ਵੱਡੀ ਗਿਣਤੀ 'ਚ ਮੌਤ ਦੀਆਂ ਖ਼ਬਰਾਂ ਕਾਰਨ, ਡੇਅਰੀ ਖੇਤਰ ਵਿੱਚ ਭੈਅ ਦਾ ਮਾਹੌਲ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਮੇਰੀ ਬੇਨਤੀ ਹੈ ਕਿ ਹਾਲਾਤਾਂ ਦਾ ਗੰਭੀਰਤਾ ਨਾਲ ਜਾਇਜ਼ਾ ਲੈਣ ਅਤੇ ਇਸ ਬਿਮਾਰੀ ਨਾਲ ਨਜਿੱਠਣ ਵਾਸਤੇ ਪਸ਼ੂ-ਪਾਲਣ ਵਿਭਾਗ ਦੇ ਡਾਕਟਰੀ ਅਮਲੇ ਨੂੰ ਜੰਗੀ ਪੱਧਰ 'ਤੇ ਜੁਟਣ ਦੇ ਦਿਸ਼ਾ-ਨਿਰਦੇਸ਼ ਜਾਰੀ ਕਰਨ।


ਓਧਰ ਮੋਗਾ ਦੇ ਬੱਧਨੀ ਕਲਾਂ ਵਿਖੇ ਇੱਕ ਨਿੱਜੀ ਗਊਸ਼ਾਲਾ ਵਿੱਚ 150 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬਿਮਾਰੀ ਗਾਵਾਂ-ਮੱਝਾਂ ਵਿੱਚ ਜ਼ਿਆਦਾ ਹੋ ਰਹੀ ਹੈ ,ਜਿਸ ਕਾਰਨ ਪਸ਼ੂਆਂ ਨੂੰ ਬੁਖਾਰ ਹੋ ਜਾਂਦਾ ਹੈ ਅਤੇ ਖਾਣਾ ਪੀਣਾ ਬੰਦ ਕਰ ਦਿੰਦਾ ਹੈ। ਇਲਾਜ ਨਾ ਮਿਲਣ 'ਤੇ ਮੌਤ ਵੀ ਹੋ ਜਾਂਦੀ ਹੈ। 

 

 ਮੋਗਾ ਦੇ ਬੱਧਨੀ ਕਲਾਂ ਦਾ ਇੱਕ ਨਿੱਜੀ ਗਊਸ਼ਾਲਾ ਜਿਸ ਵਿੱਚ 600 ਦੇ ਕਰੀਬ ਗਾਵਾਂ ਅਤੇ ਵੱਛੇ ਹਨ ਪਰ ਪਿਛਲੇ ਦਿਨੀਂ ਸ਼ੁਰੂ ਹੋਈ ਇਸ ਬਿਮਾਰੀ ਕਾਰਨ ਕਈ ਪਸ਼ੂ ਮਰ ਚੁੱਕੇ ਹਨ। ਜੇਕਰ ਗਊਸ਼ਾਲਾ ਵਿੱਚ ਗਊਆਂ ਦੀ ਦੇਖਭਾਲ ਕਰਨ ਵਾਲੇ ਮਜ਼ਦੂਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਹੀ ਦਿਨਾਂ ਵਿੱਚ ਇੱਥੇ 150 ਦੇ ਕਰੀਬ ਗਊਆਂ ਦੀ ਮੌਤ ਹੋ ਚੁੱਕੀ ਹੈ। ਇੱਥੇ ਡਾਕਟਰ ਮੌਜੂਦ ਹਨ ਅਤੇ ਉਨ੍ਹਾਂ ਦਾ ਇਲਾਜ ਕਰ ਰਹੇ ਹਨ।