Farmer Protest: ਪੰਜਾਬ ਦੇ ਕਿਸਾਨ ਫਰਵਰੀ ਤੋਂ ਸ਼ੰਭੂ ਬਾਰਡਰ 'ਤੇ ਮੋਰਚੇ 'ਤੇ ਬੈਠੇ ਹਨ। ਬੀਤੇ 4 ਦਿਨਾਂ ਵਿੱਚ ਉਨ੍ਹਾਂ ਨੇ ਦੋ ਵਾਰ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਪਰ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਤੇ ਉਨ੍ਹਾਂ ਉੇੱਤੇ ਅੱਥਰੂ ਗੈਸ ਦੇ ਗੋਲੇ ਵਰ੍ਹਾਏ ਤੇ ਪਾਣੀ ਦੀਆਂ ਬੁਝਾੜਾਂ ਮਾਰੀਆਂ। ਇਸ ਨੂੰ ਲੈ ਕੇ ਹੁਣ ਸਿਆਸਤ ਵੀ ਗਰਮਾ ਗਈ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਭਾਜਪਾ ਦਾ ਰਵੱਈਆ ਹਮੇਸ਼ਾ ਇਸ ਤਰ੍ਹਾਂ ਦਾ ਰਿਹਾ ਹੈ, ਜਿਵੇਂ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਅੱਤਵਾਦੀ ਸਮਝਦੀ ਹੋਵੇ, ਪਰ ਉਹ ਅੱਤਵਾਦੀ ਨਹੀਂ ਸਗੋਂ ਦੇਸ਼ ਦਾ ਅੰਨਦਾਤਾ ਹੈ। ਇਹ ਪੰਜਾਬ ਦੇ ਉਹ ਕਿਸਾਨ ਹੈ ਜਿਸ ਨੇ ਦੇਸ਼ ਦਾ ਢਿੱਡ ਭਰਿਆ ਸੀ, ਜਦੋਂ ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਦਿੱਤਾ ਗਿਆ ਸੀ। ਅੱਜ ਜਦੋਂ ਇਹ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਆਉਣਾ ਚਾਹੁੰਦੇ ਹਨ ਪਰ ਉਨ੍ਹਾਂ ਉੱਤੇ ਅੱਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਹਨ।
ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਇਸ ਵਿੱਚ ਬਰਾਬਰ ਦੀ ਜ਼ਿੰਮੇਵਾਰ ਹੈ। ਜਦੋਂ ਪਹਿਲਾਂ ਦਿੱਲੀ ਧਰਨਾ ਹੋਇਆ ਸੀ ਅਸੀਂ ਕਿਸਾਨਾਂ ਨੂੰ ਦਿੱਲੀ ਬਾਰਡਰ ਤੱਕ ਛੱਡਕੇ ਆਏ ਸੀ ਇਹ ਸਾਡਾ ਫਰਜ਼ ਬਣਦਾ ਹੈ। ਪੰਜਾਬ ਦੀ ਜ਼ਮੀਨ ਉੱਤੇ ਅੱਥਰੂ ਗੈਸ ਦੇ ਗੋਲ਼ੇ ਛੱਡੇ ਜਾ ਰਹੇ ਹਨ। ਪਿਛਲੀ ਵਾਰ ਸ਼ੁਭਕਰਨ ਮਾਰਿਆ ਸੀ ਅੱਜ ਤੱਕ ਉਸ ਦਾ ਕੁਝ ਨਹੀਂ ਹੋਇਆ। ਅਜਿਹੀ ਨਾ-ਇਨਸਾਫ਼ੀ ਪੰਜਾਬ ਨਾਲ ਕਿਉਂ ਹੋ ਰਹੀ ਹੈ ਲੋਕ ਇਸ ਨੂੰ ਜਾਣਨਾ ਚਾਹੁੰਦੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਨਹੀਂ ਕਿਹਾ ਕਿ ਰਾਸਤੇ ਬੰਦ ਹੋਣੇ ਚਾਹੀਦੇ ਹਨ, ਪਰ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣਾ ਨਹੀਂ ਚਾਹੀਦਾ।
ਜ਼ਿਕਰ ਕਰ ਦਈਏ ਕਿ ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ ਮੰਗਲਵਾਰ ਨੂੰ ਦਿੱਲੀ ਵੱਲ ਮਾਰਚ ਨਹੀਂ ਕਰਨਗੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਭਲਕੇ ਅੰਦੋਲਨ ਸਬੰਧੀ ਰਣਨੀਤੀ ਬਣਾਈ ਜਾਵੇਗੀ। ਕਿਸਾਨਾਂ ਨੇ ਸ਼ੁੱਕਰਵਾਰ ਅਤੇ ਐਤਵਾਰ ਨੂੰ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਵਾਰ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ।
ਓਧਰ, ਸੋਮਵਾਰ ਨੂੰ ਸੁਪਰੀਮ ਕੋਰਟ ਨੇ ਇਸ ਮਾਮਲੇ ਨਾਲ ਜੁੜੀ ਪਟੀਸ਼ਨ ਖਾਰਜ ਕਰ ਦਿੱਤੀ। ਜਸਟਿਸ ਸੂਰਿਆ ਕਾਂਤ ਤੇ ਜਸਟਿਸ ਮਨਮੋਹਨ ਦੀ ਬੈਂਚ ਨੇ ਕਿਹਾ ਕਿ ਇਹ ਮਾਮਲਾ ਪਹਿਲਾਂ ਹੀ ਵਿਚਾਰ ਅਧੀਨ ਹੈ। ਇੱਕੋ ਮੁੱਦੇ 'ਤੇ ਵਾਰ-ਵਾਰ ਪਟੀਸ਼ਨਾਂ 'ਤੇ ਵਿਚਾਰ ਨਹੀਂ ਕੀਤਾ ਜਾ ਸਕਦਾ।