ਚੰਡੀਗੜ੍ਹ : ਪੰਜਾਬ ਰਾਜ ਸਭਾ ਚੋਣਾਂ-2022 ਲਈ ਨਾਮਜ਼ਦਗੀਆਂ ਵਾਪਸ ਲੈਣ ਦੇ ਅੱਜ ਆਖ਼ਰੀ ਦਿਨ ਕਿਸੇ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਨਾ ਲਏ ਜਾਣ ਕਾਰਨ ਰਾਜ ਸਭਾ ਚੋਣ ਰਿਟਰਨਿੰਗ ਅਫ਼ਸਰ-ਕਮ- ਸਕੱਤਰ ਪੰਜਾਬ ਵਿਧਾਨ ਸਭਾ ਸ੍ਰੀ ਸੁਰਿੰਦਰ ਪਾਲ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸ੍ਰੀ ਵਿਕਰਮਜੀਤ ਸਿੰਘ ਸਾਹਨੀ ਨੂੰ ਰਾਜ ਸਭਾ ਮੈਂਬਰ ਐਲਾਨਿਆ ਅਤੇ ਦੋਵਾਂ ਨੂੰ ‘ਚੋਣ ਸਰਟੀਫ਼ਿਕੇਟ’ ਸੌਂਪੇ।
ਇਸ ਉਪਰੰਤ ਦੋਵੇਂ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਅਤੇ ਸ੍ਰੀ ਸਾਹਨੀ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ। ਸ. ਸੰਧਵਾਂ ਨੇ ਰਾਜ ਸਭਾ ਮੈਂਬਰ ਚੁਣੇ ਜਾਣ 'ਤੇ ਦੋਵਾਂ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਹ ਉੱਪਰਲੇ ਸਦਨ ਵਿੱਚ ਪੰਜਾਬੀਆਂ ਦੀ ਆਵਾਜ਼ ਬੁਲੰਦ ਕਰਨਗੇ ਅਤੇ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਗੇ।
ਪਟਿਆਲਾ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਰਾਜ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੀਆਂ 'ਕਿਸਾਨ ਉਤਪਾਦਕ ਸੰਸਥਾਵਾਂ' ਬਣਾ ਕੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ 'ਚ ਸਹਾਇਤਾ ਕਰਨ ਲਈ ਅੱਗੇ ਆਉਣ। ਸਪੀਕਰ ਸ. ਸੰਧਵਾਂ, ਪਟਿਆਲਾ ਸਥਿਤ ਬਾਣੀ ਦੁੱਧ ਉਤਪਾਦਕ ਕੰਪਨੀ ਦੇ ਮੁੱਖ ਦਫ਼ਤਰ ਦਾ ਦੌਰਾ ਕਰਕੇ ਇਸਦੇ ਇੱਕ ਸਫ਼ਲ 'ਕਿਸਾਨ ਉਤਪਾਦਕ ਸੰਸਥਾ' (ਐਫ.ਪੀ.ਓ) ਵਾਲੇ ਮਾਡਲ ਦਾ ਜਾਇਜ਼ਾ ਲੈਣ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਨੇ ਬਾਣੀ ਦੁੱਧ ਉਤਪਾਦਕ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਰਿੰਦਰ ਬਾਗਾ ਅਤੇ ਦੁੱਧ ਇਕੱਤਰਣ ਮੁਖੀ ਡਾ. ਨਵਦੀਪ ਧੰਮ ਤੋਂ ਐਫ.ਪੀ.ਓ. ਬਾਣੀ ਬਾਬਤ ਸਮੁਚੀ ਜਾਣਕਾਰੀ ਹਾਸਲ ਕੀਤੀ।
ਇਸ ਦੌਰਾਨ ਗੱਲਬਾਤ ਕਰਦਿਆਂ ਸ. ਸੰਧਵਾਂ ਨੇ ਇਸ ਗੱਲ 'ਤੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਜ਼ੋਰ-ਸ਼ੋਰ ਨਾਲ ਹੋਰ ਅੱਗੇ ਵਧਾਉਣ ਲਈ ਸਾਡੇ ਸੂਬੇ ਦੇ ਕਿਸਾਨਾਂ, ਮਜ਼ਦੂਰਾਂ ਅਤੇ ਉਦਮੀਆਂ ਦੇ ਸਿੱਧੇ ਤੌਰ 'ਤੇ ਸਹਿਯੋਗ ਦੀ ਇਕਜੁਟਤਾ ਦੇ ਨਾਲ ਲੋੜ ਹੈ। ਇਨ੍ਹਾਂ ਸਾਰਿਆਂ ਨੂੰ ਇਕਮੁੱਠ ਕਰਕੇ ਨਾਲ ਤੋਰਨ ਲਈ ਐਫ.ਪੀ.ਓਜ਼ ਇੱਕ ਵਧੀਆ ਸਾਧਨ ਹੈ ਪਰੰਤੂ ਅਫ਼ਸੋਸ ਹੈ ਕਿ ਪਿਛਲੀਆਂ ਸਰਕਾਰਾਂ ਨੇ ਇਸ ਵੱਲ ਕੋਈ ਤਵੱਜੋ ਨਹੀਂ ਦਿੱਤੀ।