ਚੰਡੀਗੜ੍ਹ/ਜੈਪੁਰ: ਦਿੱਲੀ ਤੇ ਫਿਰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 'ਚ ਜਿੱਤ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀਆਂ ਨਜ਼ਰਾਂ ਰਾਜਸਥਾਨ 'ਤੇ ਟਿਕੀਆਂ ਹੋਈਆਂ ਹਨ। ਰਾਜਸਥਾਨ 'ਚ 'ਆਪ' ਜ਼ਮੀਨੀ ਪੱਧਰ 'ਤੇ ਕੰਮ ਕਰਕੇ ਪੇਂਡੂ ਵੋਟਰਾਂ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਇਸ ਲਈ ਪੰਜਾਬ ਚੋਣਾਂ ਦੌਰਾਨ ਰਾਜ ਸਭਾ ਮੈਂਬਰ ਤੇ ਪਾਰਟੀ ਦੇ ‘ਚਾਣਕਿਆ’ ਰਹੇ ਸੰਦੀਪ ਪਾਠਕ ਨੂੰ ਲੀਡਰਾਂ ਦੀ ਸਿਖਲਾਈ ਦੀ ਵਿਸ਼ੇਸ਼ ਜ਼ਿੰਮੇਵਾਰੀ ਸੌਂਪੀ ਗਈ ਹੈ।
ਚੰਡੀਗੜ੍ਹ ਦਾ ਇੱਕ ਇੰਚ ਵੀ ਕਿਸੇ ਨੂੰ ਨਹੀਂ ਦੇਵਾਂਗੇ, ਰਾਜਪਾਲ ਨਾਲ ਮੁਲਾਕਾਤ ਮਗਰੋਂ ਬੋਲੇ ਸੁਖਬੀਰ ਬਾਦਲ
ਰਾਜਸਥਾਨ ਵਿੱਚ ਆਮ ਆਦਮੀ ਪਾਰਟੀ ਆਪਣੀ ਵਿਚਾਰਧਾਰਾ ਨੂੰ ਪਿੰਡ ਤੇ ਬੂਥ ਪੱਧਰ ਤੱਕ ਲੈ ਜਾਣ ਲਈ ‘ਪੰਚਾਇਤ ਸੰਪਰਕ ਅਭਿਆਨ’ ਸ਼ੁਰੂ ਕਰ ਰਹੀ ਹੈ। ਇਸ ਮੁਹਿੰਮ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਜੈਪੁਰ ਦੇ ਪਿੰਕ ਸਿਟੀ ਪ੍ਰੈੱਸ ਕਲੱਬ 'ਚ ਇੱਕ ਪ੍ਰੋਗਰਾਮ ਨਾਲ ਹੋਵੇਗੀ। ਰਾਜਸਥਾਨ ਦੇ ਚੋਣ ਇੰਚਾਰਜ ਵਿਨੈ ਮਿਸ਼ਰਾ ਨੇ ਦੱਸਿਆ ਕਿ ਸੰਦੀਪ ਪਾਠਕ ਪੰਚਾਇਤ ਸੰਪਰਕ ਮੁਹਿੰਮ ਲਈ ਪਿੰਕ ਸਿਟੀ ਪ੍ਰੈਸ ਕਲੱਬ ਵਿਖੇ 230 ਕੋਆਰਡੀਨੇਟਰਾਂ ਨੂੰ ਸਿਖਲਾਈ ਵੀ ਦੇਣਗੇ।
ਇਸ ਸਿਖਲਾਈ ਪ੍ਰੋਗਰਾਮ ਵਿੱਚ ਡਵੀਜ਼ਨਲ, ਲੋਕ ਸਭਾ, ਵਿਧਾਨ ਸਭਾ ਤੇ ਬਲਾਕ ਪੱਧਰ 'ਤੇ ਨਿਯੁਕਤ ਕੋਆਰਡੀਨੇਟਰ ਭਾਗ ਲੈਣਗੇ। ਜੈਪੁਰ ਵਿੱਚ ਸਿਖਲਾਈ ਲੈਣ ਵਾਲੇ ਭਾਗੀਦਾਰ ਆਪੋ-ਆਪਣੇ ਇਲਾਕਿਆਂ ਵਿੱਚ ਜਾਣਗੇ ਤੇ ਮੁਹਿੰਮ ਲਈ ਕੋਆਰਡੀਨੇਟਰਾਂ ਦੀ ਇੱਕ ਵੱਡੀ ਟੀਮ ਬਣਾਉਣ ਲਈ ਸਥਾਨਕ ਪੱਧਰ 'ਤੇ ਸਿਖਲਾਈ ਦੇਣਗੇ।
ਸੰਗਠਨ ਮੰਤਰੀ ਦੁਸ਼ਯੰਤ ਯਾਦਵ ਅਨੁਸਾਰ ਸੰਗਠਨ ਨਿਰਮਾਣ ਲਈ ਕੋਆਰਡੀਨੇਟਰਾਂ ਰਾਹੀਂ ਵਰਕਰਾਂ ਨੂੰ ਕਿਤਾਬਚੇ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਪਾਰਟੀ ਨੇ ਮਿਸ਼ਨ 2023 ਲਈ ਪੂਰੀ ਤਿਆਰੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਦੇ ਲੋਕ ਪਿਛਲੇ 70 ਸਾਲਾਂ ਤੋਂ ਭਾਜਪਾ-ਕਾਂਗਰਸ ਦੀ ਮਿਲੀ-ਜੁਲੀ ਖੇਡ ਤੋਂ ਤੰਗ ਆ ਚੁੱਕੇ ਹਨ। ਸੂਬੇ ਦੇ ਆਮ ਲੋਕ ਆਸ ਦੀ ਕਿਰਨ ਨਾਲ ਆਮ ਆਦਮੀ ਪਾਰਟੀ ਵੱਲ ਦੇਖ ਰਹੇ ਹਨ।